For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਆਤਮਘਾਤੀ ਹਮਲੇ ’ਚ ਪੰਜ ਚੀਨੀ ਨਾਗਰਿਕਾਂ ਸਣੇ ਛੇ ਦੀ ਮੌਤ

06:59 AM Mar 27, 2024 IST
ਪਾਕਿਸਤਾਨ  ਆਤਮਘਾਤੀ ਹਮਲੇ ’ਚ ਪੰਜ ਚੀਨੀ ਨਾਗਰਿਕਾਂ ਸਣੇ ਛੇ ਦੀ ਮੌਤ
Advertisement

ਇਸਲਾਮਾਬਾਦ/ਪੇਈਚਿੰਗ, 26 ਮਾਰਚ
ਪਾਕਿਸਤਾਨ ਦੇ ਗੜਬੜ ਵਾਲੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ’ਚ ਅੱਜ ਧਮਾਕਾਖੇਜ਼ ਸਮੱਗਰੀ ਨਾਲ ਭਰੇ ਇੱਕ ਵਾਹਨ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਮਲੇ ’ਚ ਬੱਸ ਵਿੱਚ ਸਵਾਰ ਘੱਟੋ-ਘੱਟ ਪੰਜ ਚੀਨੀ ਨਾਗਰਿਕਾਂ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ। ਦੂਜੇ ਪਾਸੇ ਪਾਕਿਸਤਾਨ ਸਥਿਤ ਚੀਨੀ ਸਫ਼ਾਰਤਖਾਨੇ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਚੀਨ ਦੇ ਇਹ ਨਾਗਰਿਕ ਦਾਸੂ ਪਣ ਬਿਜਲੀ ਪ੍ਰਾਜੈਕਟ ’ਤੇ ਕੰਮ ਕਰ ਰਹੇ ਸਨ। ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ਦੇ ਬਿਸ਼ਮ ਇਲਾਕੇ ’ਚ ਵਾਪਰੀ ਇਸ ਘਟਨਾ ਵਿੱਚ ਕਈ ਹੋਰ ਮੁਸਾਫਰ ਵੀ ਜ਼ਖ਼ਮੀ ਹੋਏ ਹਨ। ਪੁਲੀਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਸਲਾਮਾਬਾਦ ਤੋਂ ਕੋਹਿਸਤਾਨ ਜਾ ਰਹੀ ਇੱਕ ਬੱਸ ਨੂੰ ਗਲਤ ਸਾਈਡ ਤੋਂ ਆ ਰਹੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਿਸ਼ਮ ਥਾਣੇ ਦੇ ਇੰਚਾਰਜ ਬਖ਼ਤ ਜ਼ਹੀਰ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ ਅਤੇ ਸਬੰਧਤ ਅਧਿਕਾਰੀ ਸਬੂਤ ਇਕੱਠੇ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਬੱਸ ’ਚ ਸਵਾਰ ਘੱਟ ਤੋਂ ਘੱਟ ਪੰਜ ਚੀਨੀ ਨਾਗਰਿਕ ਅਤੇ ਬੱਸ ਦਾ ਡਰਾਈਵਰ ਜੋ ਪਾਕਿਸਤਾਨੀ ਨਾਗਰਿਕ ਸੀ, ਮਾਰੇ ਗਏ ਹਨ ਅਤੇ ਕਈ ਹੋਰ ਮੁਸਾਫਰ ਜ਼ਖ਼ਮੀ ਹੋ ਗਏ ਹਨ। -ਪੀਟੀਆਈ

Advertisement

ਸੁਰੱਖਿਆ ਬਲਾਂ ਨੇ ਅੱਠ ਅਤਿਵਾਦੀ ਮਾਰੇ

ਕਰਾਚੀ/ਪਿਸ਼ਾਵਰ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਬਲੋਚ ਕੱਟੜਪੰਥੀਆਂ ਨੇ ਜਲ ਸੈਨਾ ਦੇ ਇੱਕ ਅੱਡੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਇਸ ਹਮਲੇ ਨੂੰ ਨਾਕਾਮ ਕਰਦਿਆਂ ਚਾਰ ਅਤਿਵਾਦੀਆਂ ਨੂੰ ਮਾਰ ਦਿੱਤਾ। ਇਹ ਹਮਲਾ ਲੰਘੀ ਰਾਤ ਤੁਰਬਤ ਜ਼ਿਲ੍ਹੇ ’ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪੀਐੱਨਐੱਸ ਸਿੱਦੀਕੀ ਜਲ ਸੈਨਾ ਦੇ ਹਵਾਈ ਅੱਡੇ ’ਤੇ ਇੱਕ ਅਤਿਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਜੋ ਦੇਸ਼ ਦੇ ਸਭ ਤੋਂ ਵੱਡੇ ਜਲ ਸੈਨਿਕ ਹਵਾਈ ਸਟੇਸ਼ਨਾਂ ’ਚੋਂ ਇੱਕ ਹੈ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ’ਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਮਗਰੋਂ ਮੁਹਿੰਮ ਚਲਾ ਕੇ ਘੱਟ ਤੋਂ ਘੱਟ ਚਾਰ ਅਤਿਵਾਦੀਆਂ ਨੂੰ ਹਲਾਕ ਕਰ ਦਿੱਤਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×