ਪਾਕਿ: ਪੋਲੀਓ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ’ਚ ਛੇ ਜ਼ਖ਼ਮੀ
ਪਿਸ਼ਾਵਰ, 9 ਸਤੰਬਰ
ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਓ ਟੀਕਾਕਰਨ ਪ੍ਰੋਗਰਾਮ ਨਾਲ ਜੁੜੇ ਵਰਕਰਾਂ ਨੂੰ ਲਿਜਾ ਰਹੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਬੰਬ ਧਮਾਕੇ ’ਚ ਤਿੰਨ ਪੁਲੀਸ ਕਰਮੀਆਂ ਸਣੇ ਘੱੱਟ ਤੋਂ ਘੱਟ ਛੇ ਜਣੇ ਜ਼ਖ਼ਮੀ ਹੋ ਗਏ। ਧਮਾਕੇ ਕਾਰਨ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਵਾਨਾ ਕਸਬੇ ਵਿੱਚ ਤਿੰਨ ਪੋਲੀਓ ਵਰਕਰ ਅਤੇ ਤਿੰਨ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਟੀਮਾਂ ਧਮਾਕਾ ਸਥਾਨ ’ਤੇ ਪਹੁੰਚੀਆਂ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪਾਕਿਸਤਾਨ ਦੀ ਰਾਜਧਾਨੀ ਇਲਾਹਾਬਾਦ ਵਿੱਚ ਪਿਛਲੇ 16 ਸਾਲਾਂ ਦੌਰਾਨ ਪੋਲੀਓ ਦਾ ਪਹਿਲਾ ਮਾਮਲਾ ਪਿਛਲੇ ਹਫ਼ਤੇ ਦਰਜ ਕੀਤਾ ਗਿਆ, ਜੋ ਦੇਸ਼ ਦੀਆਂ ਇਸ ਮਾਰੂ ਵਾਇਰਸ ਨੂੰ ਖ਼ਤਮ ਕਰਨ ਦੀਆਂ ਕੌਮੀ ਕੋਸ਼ਿਸ਼ਾਂ ਲਈ ਝਟਕਾ ਹੈ। ਪਾਕਿਸਤਾਨ ਵਿੱਚ 2021 ’ਚ ਪੋਲੀਓ ਦਾ ਸਿਰਫ਼ ਇੱਕ ਮਾਮਲਾ ਸਾਹਮਣੇ ਆਇਆ ਸੀ। ਇਸ ਸਾਲ ਹੁਣ ਤੱਕ ਬਲੋਚਿਸਤਾਨ ਵਿੱਚ 12, ਸਿੰਧ ਵਿੱਚ ਤਿੰਨ ਅਤੇ ਇਸਲਾਮਾਬਾਦ ਤੇ ਪੰਜਾਬ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਉਣ ਦੀ ਖ਼ਬਰ ਹੈ। ਇਸ ਦੌਰਾਨ ਇੱਕ ਵੱਖਰੀ ਘਟਨਾ ਵਿੱਚ ਖੈਬਰ ਪਖ਼ਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਵਿੱਚ ਪੁਲੀਸ ਨੇ ਜਦੋਂ ਜਮੀਲ ਚੌਕ, ਰਿੰਗ ਰੋਡ ’ਤੇ ਇੱਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ’ਤੇ ਸਵਾਰ ਦੋ ਜਣਿਆਂ ਨੇ ਆਤਮਘਾਤੀ ਜੈਕੇਟ ਸੁੱਟ ਦਿੱਤੀ। ਜੈਕੇਟ ਵਿੱਚ ਸੱਤ ਕਿਲੋ ਧਮਾਕਾਖੇਜ਼ ਸਮੱਗਰੀ ਭਰੀ ਹੋਈ ਸੀ, ਜਿਸ ਨੂੰ ਨਸ਼ਟ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। -ਪੀਟੀਆਈ