For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਸ਼ਾਹਬਾਜ਼ ਸ਼ਰੀਫ਼ ਵੱਲੋਂ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ

07:25 AM Mar 03, 2024 IST
ਪਾਕਿਸਤਾਨ  ਸ਼ਾਹਬਾਜ਼ ਸ਼ਰੀਫ਼ ਵੱਲੋਂ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ
Advertisement

ਇਸਲਾਮਾਬਾਦ, 2 ਮਾਰਚ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਚੋਟੀ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਐਤਵਾਰ ਨੂੰ ਪਾਕਿਸਤਾਨ ਦੇ 33ਵੇਂ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ ਕਰ ਲਈ ਹੈ। ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਅਤੇ ਆਰਥਿਕ ਤੇ ਸੁਰੱਖਿਆ ਚੁਣੌਤੀਆਂ ਦਰਮਿਆਨ ਸ਼ਾਹਬਾਜ਼ ਸ਼ਰੀਫ਼ ਇਕ ਵਾਰ ਫਿਰ ਤੋਂ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਜਾ ਰਹੇ ਹਨ। ਪੀਐੱਮਐੱਲ-ਐੱਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਾਂਝੇ ਉਮੀਦਵਾਰ ਸ਼ਾਹਬਾਜ਼ ਪਹਿਲਾਂ ਹੀ ਆਪਣੀ ਨਾਮਜ਼ਦਗੀ ਦਾਖ਼ਲ ਕਰ ਚੁੱਕੇ ਹਨ। ਉਨ੍ਹਾਂ ਨੂੰ ਚੁਣੌਤੀ ਦੇ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਉਮੀਦਵਾਰ ਅਯੂਬ ਖਾਨ ਨੇ ਵੀ ਆਪਣੇ ਨਾਮਜ਼ਦਗੀ ਦਸਤਾਵੇਜ਼ ਦਾਖ਼ਲ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ (72), ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ (74) ਦੇ ਛੋਟੇ ਭਰਾ ਹਨ। ਕੌਮੀ ਅਸੈਂਬਲੀ ਸਕੱਤਰੇਤ ਮੁਤਾਬਕ ਕੌਮੀ ਅਸੈਂਬਲੀ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਐਤਵਾਰ ਨੂੰ ਹੋਵੇਗੀ। ਸਫ਼ਲ ਉਮੀਦਵਾਰ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਐਵਾਨ-ਏ-ਸਦਨ ਵਿੱਚ ਚੁੱਕੀ ਜਾਵੇਗੀ। ਸ਼ਾਹਬਾਜ਼ ਨੂੰ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਦੌਰਾਨ ਮੈਗਾ ਵਿਕਾਸ ਪ੍ਰਾਜੈਕਟਾਂ ਦੇ ਤੇਜ਼ੀ ਨਾਲ ਲਾਗੂ ਕਰਨ ਕਰ ਕੇ ਇਕ ਸਮਰੱਥ ਪ੍ਰਸ਼ਾਸਕ ਵਜੋਂ ਜਾਣਿਆ ਜਾਂਦਾ ਹੈ। -ਪੀਟੀਆਈ

Advertisement

ਸਾਬਕਾ ਰਾਸ਼ਟਰਪਤੀ ਜ਼ਰਦਾਰੀ ਤੇ ਮਹਿਮੂਦ ਅਚਕਜ਼ਈ ਵੱਲੋਂ ਨਾਮਜ਼ਦਗੀਆਂ ਦਾਖ਼ਲ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪਸ਼ਤੂਨ ਸਿਆਸਤਦਾਨ ਮਹਿਮੂਦ ਖਾਨ ਅਚਕਜ਼ਈ ਨੇ 9 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਆਪੋ-ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਜ਼ਰਦਾਰੀ (68) ਸਿੰਧ ਪ੍ਰਾਂਤ ਤੋਂ ਹਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਹਨ ਜਿਨ੍ਹਾਂ ਨੂੰ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦਾ ਸਮਰਥਨ ਪ੍ਰਾਪਤ ਹੈ। ਉਹ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਤਿਆਰ ਕਰ ਰਹੇ ਹਨ। ਉੱਧਰ, ਅਚਕਜ਼ਈ (75) ਪਸ਼ਤੂਨਖਵਾ ਮਿਲੀ ਆਵਾਮੀ ਪਾਰਟੀ ਦੇ ਮੁਖੀ ਹਨ। -ਪੀਟੀਆਈ

ਪੀਪੀਪੀ ਦੇ ਸਰਫਰਾਜ਼ ਬੁਗਤੀ ਬਲੋਚਿਸਤਾਨ ਦੇ ਮੁੱਖ ਮੰਤਰੀ ਬਣੇ

ਕਰਾਚੀ: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਰਫਰਾਜ਼ ਬੁਗਤੀ ਨੂੰ ਅੱਜ ਬਿਨਾਂ ਵਿਰੋਧ ਬਲੋਚਿਸਤਾਨ ਦਾ ਨਵਾਂ ਮੁੱਖ ਮੰਤਰੀ ਚੁਣ ਲਿਆ ਗਿਆ ਹੈ। ਬੁਗਤੀ ਨੇ ਅੱਠ ਫਰਵਰੀ ਨੂੰ ਹੋਈਆਂ ਆਮ ਚੋਣਾਂ ’ਚ ਪੀਪੀਪੀ ਦੀ ਟਿਕਟ ’ਤੇ ਸੂਬਾਈ ਵਿਧਾਨ ਸਭਾ ਚੋਣਾਂ ਲੜਨ ਲਈ ਅੰਤਰਿਮ ਸਰਕਾਰ ’ਚ ਕਾਰਜਕਾਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੁਗਤੀ ਨੇ ਬੀਤੇ ਦਿਨ ਅਸੈਂਬਲੀ ਦੇ ਸਕੱਤਰ ਤਾਹਿਰ ਸ਼ਾਹ ਨੂੰ ਆਪਣਾ ਨਾਮਜ਼ਦਗੀ ਪੱਤਰ ਸੌਂਪਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੀ ਵੀ ਹਮਾਇਤ ਹਾਸਲ ਹੈ। ਲੰਘੀ ਸ਼ਾਮ ਪੰਜ ਵਜੇ ਤੱਕ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਜਿਸ ਮਗਰੋਂ ਬੁਗਤੀ ਨੂੰ ਬਿਨਾਂ ਵਿਰੋਧ ਜੇਤੂ ਐਲਾਨ ਦਿੱਤਾ ਗਿਆ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×