ਪਾਕਿਸਤਾਨ: ਸਰਬਜੀਤ ਦੇ ਹੱਤਿਆਰੇ ਦੀ ਗੋਲੀਆਂ ਮਾਰ ਕੇ ਹੱਤਿਆ
ਲਾਹੌਰ/ਨਵੀਂ ਦਿੱਲੀ, 14 ਅਪਰੈਲ
ਪਾਕਿਸਤਾਨ ਦੀ ਜੇਲ੍ਹ ’ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹੱਤਿਆ ’ਚ ਸ਼ਾਮਲ ਆਮਿਰ ਸਰਫ਼ਰਾਜ਼ ਤਾਂਬਾ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਲਾਹੌਰ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਾਇਬਾ ਦੇ ਬਾਨੀ ਹਾਫ਼ਿਜ਼ ਸਈਦ ਦਾ ਨੇੜਲਾ ਸਹਿਯੋਗੀ ਸੀ। ਸਮਝਿਆ ਜਾ ਰਿਹਾ ਹੈ ਕਿ ਇਹ ਹੱਤਿਆ ਮਿੱਥ ਕੇ ਕੀਤੀ ਗਈ ਹੈ। ਸਰਬਜੀਤ ਸਿੰਘ ਦੇ ਹੱਤਿਆਰੇ ਆਮਿਰ ਤਾਂਬਾ ਦੀ ਹੱਤਿਆ ਨੂੰ ਸੁਪਾਰੀ ਲੈ ਕੇ ਬਦਲਾ ਲੈਣ ਦੀ ਕਾਰਵਾਈ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਸੂਤਰਾਂ ਨੇ ਕਿਹਾ ਕਿ ਤਾਂਬਾ ’ਤੇ ਲਾਹੌਰ ਦੇ ਇਸਲਾਮਪੁਰਾ ਇਲਾਕੇ ’ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਹਮਲਾ ਕੀਤਾ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਲੋਕਾਂ ਮੁਤਾਬਕ ਆਮਿਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ (49) ’ਤੇ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ’ਚ ਤਾਂਬਾ ਸਮੇਤ ਹੋਰ ਹਵਾਲਾਤੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਕਰੀਬ ਇਕ ਹਫ਼ਤੇ ਮਗਰੋਂ ਉਸ ਦੀ ਲਾਹੌਰ ਦੇ ਜਿਨਾਹ ਹਸਪਤਾਲ ’ਚ 2 ਮਈ, 2013 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਾਕਿਸਤਾਨੀ ਕੈਦੀਆਂ ਦੇ ਇਕ ਗੁੱਟ ਨੇ ਸਰਬਜੀਤ ਸਿੰਘ ’ਤੇ ਇੱਟਾਂ ਅਤੇ ਲੋਹੇ ਦੀਆਂ ਛੜਾਂ ਨਾਲ ਹਮਲਾ ਕੀਤਾ ਸੀ। ਉਸ ਨੂੰ ਲਹਿੰਦੇ ਪੰਜਾਬ ’ਚ ਕਈ ਬੰਬ ਧਮਾਕੇ ਕਰਨ ਦਾ ਕਥਿਤ ਤੌਰ ’ਤੇ ਦੋਸ਼ੀ ਪਾਇਆ ਗਿਆ ਸੀ ਅਤੇ ਸਜ਼ਾ-ਏ-ਮੌਤ ਸੁਣਾਈ ਗਈ ਸੀ। ਤਾਂਬਾ ਦੇ ਪਿਤਾ ਦਾ ਨਾਮ ਸਰਫ਼ਰਾਜ਼ ਜਾਵੇਦ ਹੈ ਅਤੇ ਉਸ ਦਾ ਜਨਮ ਲਾਹੌਰ ’ਚ 1979 ’ਚ ਹੋਇਆ ਸੀ ਅਤੇ ਉਸ ਨੂੰ ਲਸ਼ਕਰ ਦੇ ਬਾਨੀ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ। ਸਰਬਜੀਤ ’ਤੇ ਜੇਲ੍ਹ ’ਚ ਹਮਲੇ ਲਈ ਆਮਿਰ ਅਤੇ ਮੁਦੱਸਰ ਮੁਨੀਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਪਰ ਸਾਰੇ ਗਵਾਹਾਂ ਦੇ ਮੁਕਰਨ ਕਾਰਨ ਅਦਾਲਤ ਨੇ 15 ਦਸੰਬਰ, 2013 ਨੂੰ ਦੋਹਾਂ ਨੂੰ ਬਰੀ ਕਰ ਦਿੱਤਾ ਸੀ। -ਆਈਏਐੱਨਐੱਸ/ਪੀਟੀਆਈ