ਪਾਕਿਸਤਾਨ ਵਲੋਂ ਇਜ਼ਰਾਈਲ ਨਾਲ ਕੂਟਨੀਤਕ ਸਬੰਧਾਂ ਦੀ ਸੰਭਾਵਨਾ ਰੱਦ
ਇਸਲਾਮਾਬਾਦ, 19 ਅਗਸਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਦੀ ਸੰਭਾਵਨਾ ਨੂੰ ਮੂਲੋਂ ਰੱਦ ਕੀਤਾ ਹੈ।
ਖ਼ਾਨ ਨੇ ਇੱਕ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ, ‘‘ਇਜ਼ਰਾਈਲ ਬਾਰੇ ਸਾਡੀ ਨੀਤੀ ਸਪੱਸ਼ਟ ਹੈ: ਕਾਇਦ-ਏ-ਆਜ਼ਮ (ਮੁਹੰਮਦ ਅਲੀ ਜਿਨਾਹ) ਨੇ ਕਿਹਾ ਸੀ ਕਿ ਪਾਕਿਸਤਾਨ ਉਦੋਂ ਤੱਕ ਇਜ਼ਰਾਈਲ ਨੂੰ ਮਨਜ਼ੂਰ ਨਹੀਂ ਕਰ ਸਕਦਾ ਜਦੋਂ ਤੱਕ ਫਲਸਤੀਨ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਆਜ਼ਾਦ ਮੁਲਕ ਨਹੀਂ ਮਿਲਦਾ।’’ ਦੱਸਣਯੋਗ ਹੈ ਕਿ ਪਾਕਿਸਤਾਨ ਅਤੇ ਇਜ਼ਰਾਈਲ ਵਿਚਾਲੇ ਕੂਟਨੀਤਕ ਸਬੰਧ ਨਹੀਂ ਹਨ ਅਤੇ ਉਨ੍ਹਾਂ ਦੇ ਹਵਾਈ ਜਹਾਜ਼ਾਂ ਨੂੰ ਇੱਕ-ਦੂਜੇ ਦਾ ਹਵਾਈ ਲਾਂਘਾ ਵਰਤਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਇਜ਼ਰਾਈਲ ਨੂੰ ਮਾਨਤਾ ਦਿੰਦੇ ਹਾਂ ਅਤੇ ਫਲਸਤੀਨ ਦੇ ਲੋਕਾਂ ਵਲੋਂ ਝੱਲੇ ਤਸ਼ੱਦਦ ਨੂੰ ਅਣਗੌਲਿਆ ਕਰਦੇ ਹਾਂ ਤਾਂ ਸਾਨੂੰ ਕਸ਼ਮੀਰ ਵੀ ਛੱਡਣਾ ਪਵੇਗਾ, ਅਤੇ ਇਹ ਅਸੀਂ ਨਹੀਂ ਕਰ ਸਕਦੇ।’’ ਖ਼ਾਨ ਦੀਆਂ ਇਹ ਟਿੱਪਣੀਆਂ ਕੁਝ ਦਿਨ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਵਿਚਾਲੇ ਸੰਧੀ ਹੋਣ ਮਗਰੋਂ ਆਈਆਂ ਹਨ। ਯੂਏਈ ਅਤੇ ਇਜ਼ਰਾਈਲ ਵਿਚਾਲੇ ਬਣੇ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਖ਼ਾਨ ਨੇ ਕਿਹਾ ਕਿ ਹਰੇਕ ਮੁਲਕ ਦੀ ਆਪਣੀ ਵਿਦੇਸ਼ ਨੀਤੀ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਪਾਕਿਸਤਾਨ ਅਤੇ ਸਾਊਦੀ ਅਰਬ ਵਿਚਾਲੇ ਰਿਸ਼ਤੇ ਕਸ਼ਮੀਰ ਮੁੱਦੇ ਕਾਰਨ ਤਣਾਅਪੂਰਵਕ ਬਣੇ ਹੋਏ ਹਨ।
-ਪੀਟੀਆਈ