For the best experience, open
https://m.punjabitribuneonline.com
on your mobile browser.
Advertisement

ਪਾਕਿ: ਹਾਫਿਜ਼ ਸਈਦ ਨਾਲ ਸਬੰਧਤ ਪਾਰਟੀਆਂ ਚੋਣ ਮੈਦਾਨ ’ਚ ਨਿੱਤਰੀਆਂ

07:23 AM Feb 06, 2024 IST
ਪਾਕਿ  ਹਾਫਿਜ਼ ਸਈਦ ਨਾਲ ਸਬੰਧਤ ਪਾਰਟੀਆਂ ਚੋਣ ਮੈਦਾਨ ’ਚ ਨਿੱਤਰੀਆਂ
ਚੋਣਾਂ ਦੇ ਮੱਦੇਨਜ਼ਰ ਰਾਵਲਪਿੰਡੀ ਵਿੱਚ ਗਸ਼ਤ ਕਰਦੇ ਹੋਏ ਸੁਰੱਖਿਆ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਇਸਲਾਮਾਬਾਦ, 5 ਫਰਵਰੀ
ਮੁੰਬਈ ’ਚ 2008 ਵਿਚ ਹੋਏ ਅਤਿਵਾਦੀ ਹਮਲੇ ਦੇ ਸਰਗਨਾ ਹਾਫਿਜ਼ ਸਈਦ ਦੇ ਪਾਬੰਦੀਸ਼ੁਦਾ ਸੰਗਠਨਾਂ ਦਾ ਨਵਾਂ ਚਿਹਰਾ ਮੰਨਿਆ ਜਾ ਰਿਹਾ ‘ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ’ ਨਾਂ ਦਾ ਨਵਾਂ ਸਿਆਸੀ ਦਲ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਹਿੱਸਾ ਲੈਣ ਜਾ ਰਿਹਾ ਹੈ। ‘ਬੀਬੀਸੀ-ਉਰਦੂ’ ਦੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਮਜ਼ਦ ਕੁਝ ਉਮੀਦਵਾਰ ਹਾਫਿਜ਼ ਸਈਦ ਦੇ ਰਿਸ਼ਤੇਦਾਰ ਹਨ ਜਾਂ ਉਨ੍ਹਾਂ ਦਾ ਸਬੰਧ ਲਸ਼ਕਰ-ਏ-ਤਇਬਾ, ਜਮਾਤ-ਉਦ-ਦਾਵਾ ਜਾਂ ਮਿੱਲੀ ਮੁਸਲਿਮ ਲੀਗ ਨਾਲ ਰਿਹਾ ਹੈ। ਲਾਹੌਰ ਦੀ ਇਕ ਜੇਲ੍ਹ ਵਿਚ ਬੰਦ ਸਈਦ ਨੂੰ ਅਤਿਵਾਦ ਫੰਡਿੰਗ ਦੇ ਕਈ ਮਾਮਲਿਆਂ ਵਿਚ ਪਾਕਿਸਤਾਨ ਦੀਆਂ ਅਦਾਲਤਾਂ ਨੇ ਕੁੱਲ 31 ਸਾਲ ਦੀ ਸਜ਼ਾ ਦਿੱਤੀ ਹੋਈ ਹੈ। ਉਸ ਨੂੰ ਸੰਯੁਕਤ ਰਾਸ਼ਟਰ ਨੇ 2008 ਵਿਚ ‘ਕੌਮਾਂਤਰੀ ਦਹਿਸ਼ਤਗਰਦਾਂ’ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਭਾਰਤ ਨੇ ਪਿਛਲੇ ਸਾਲ 29 ਦਸੰਬਰ ਨੂੰ ਪਾਕਿਸਤਾਨ ਤੋਂ ਸਈਦ ਦੀ ਹਵਾਲਗੀ ਮੰਗੀ ਸੀ ਜੋ ਅਤਿਵਾਦ ਦੇ ਕਈ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦਾ ਹੈ। ਭਾਰਤ ਨੇ ਸਈਦ ਦੇ ਬੇਟੇ ਤਲਹਾ ਵੱਲੋਂ ਪਾਕਿਸਤਾਨ ਵਿਚ ਚੋਣ ਲੜਨ ਦੀਆਂ ਰਿਪੋਰਟਾਂ ਦਾ ਵੀ ਨੋਟਿਸ ਲਿਆ ਹੈ ਤੇ ਕਿਹਾ ਹੈ ਕਿ ਗੁਆਂਢੀ ਮੁਲਕ ਵਿਚ ਕੱਟੜਵਾਦੀ ਅਤਿਵਾਦੀ ਸੰਗਠਨਾਂ ਨੂੰ ‘ਮੁੱਖਧਾਰਾ’ ਵਿਚ ਲਿਆਉਣਾ ਕੋਈ ਨਵੀਂ ਗੱਲ ਨਹੀਂ ਹੈ ਤੇ ਇਹ ਲੰਮੇ ਸਮੇਂ ਤੋਂ ਸਰਕਾਰੀ ਨੀਤੀ ਦਾ ਹਿੱਸਾ ਰਿਹਾ ਹੈ। ਗੌਰਤਲਬ ਹੈ ਕਿ ਪਾਕਿਸਤਾਨ ਨੇ ਵੀ ਲਸ਼ਕਰ, ਜਮਾਤ ਤੇ ਉਸ ਨਾਲ ਸਬੰਧਤ ਦਲਾਂ ਤੇ ਸੰਗਠਨਾਂ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਪਾਕਿਸਤਾਨ ਦੀਆਂ ਧਾਰਮਿਕ ਸੰਸਥਾਵਾਂ ਉਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਗਿਆ ਹੈ ਕਿ ਮਰਕਜ਼ੀ ਮੁਸਲਿਮ ਲੀਗ ਸਈਦ ਦੀ ਜਮਾਤ-ਉਦ-ਦਾਵਾ ਦਾ ‘ਨਵਾਂ ਰਾਜਨੀਤਕ ਚਿਹਰਾ ਹੈ।’ ਹਾਲਾਂਕਿ ਪਾਰਟੀ ਦੇ ਇਕ ਬੁਲਾਰੇ ਨੇ ਸਈਦ ਦੇ ਸੰਗਠਨਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਹੈ। ਰਿਪੋਰਟ ਮੁਤਾਬਕ ਸਈਦ ਦਾ ਬੇਟਾ ਹਾਫਿਜ਼ ਤਲਹਾ ਲਾਹੌਰ ਵਿਚ ਨੈਸ਼ਨਲ ਅਸੈਂਬਲੀ-122 ਹਲਕੇ ਤੋਂ ਚੋਣ ਲੜ ਰਿਹਾ ਹੈ। ਜਦਕਿ ਸਈਦ ਦਾ ਜਵਾਈ ਹਾਫਿਜ਼ ਨੇਕ ਗੁੱਜਰ ਮਰਕਜ਼ੀ ਮੁਸਲਿਮ ਲੀਗ ਦੀ ਟਿਕਟ ਉਤੇ ਵਿਧਾਨ ਸਭਾ ਹਲਕੇ ਪੀਪੀ-162 ਤੋਂ ਚੋਣ ਲੜ ਰਿਹਾ ਹੈ। -ਪੀਟੀਆਈ

Advertisement

ਇਮਰਾਨ ਤੇ ਕੁਰੈਸ਼ੀ ਨੂੰ ਜੇਲ੍ਹ ਵਿਚ ਕਰਨਾ ਪਵੇਗਾ ਕੰਮ

ਇਸਲਾਮਾਬਾਦ: ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਜਿਨ੍ਹਾਂ ਨੂੰ ‘ਹਾਈ ਪ੍ਰੋਫਾਈਲ’ ਕੈਦੀ ਦਾ ਦਰਜਾ ਦਿੱਤਾ ਗਿਆ ਹੈ, ਨੂੰ ਜੇਲ੍ਹ ਕੰਪਲੈਕਸ ਦੇ ਅੰਦਰ ਕੰਮ ਕਰਨਾ ਪਏਗਾ। ਦੋਵਾਂ ਆਗੂਆਂ ਨੂੰ ਵਿਸ਼ੇਸ਼ ਅਦਾਲਤ ਸਾਈਫਰ ਕੇਸ ਵਿਚ 10 ਸਾਲ ਦੀ ਸਜ਼ਾ ਸੁਣਾ ਚੁੱਕੀ ਹੈ। ਦੋਵੇਂ ਰਾਵਲਪਿੰਡੀ ਦੀ ਜੇਲ੍ਹ ਵਿਚ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement