ਇੰਗਲੈਂਡ ਤੋਂ ਹਾਰ ਕੇ ਪਾਕਿਸਤਾਨ ਕ੍ਰਿਕਟ ਵਿਸ਼ਵ ਕੱਪ ’ਚੋਂ ਬਾਹਰ
ਕੋਲਕਾਤਾ, 11 ਨਵੰਬਰ
ਪਾਕਿਸਤਾਨ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਇੰਗਲੈਂਡ ਤੋਂ 93 ਦੌੜਾਂ ਨਾਲ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਮੌਜੂਦਾ ਚੈਂਪੀਅਨ ਇੰਗਲੈਂਡ ਨੇ ਟੂਰਨਾਮੈਂਟ ਵਿੱਚ ਨਮੋਸ਼ੀਜਨਕ ਸ਼ੁਰੂਆਤ ਦਾ ਅੰਤ ਜਿੱਤ ਨਾਲ ਕੀਤਾ ਹੈ। ਉਸ ਨੂੰ ਸੱਤ ਮੈਚਾਂ ਵਿੱਚੋਂ ਛੇ ਵਿੱਚ ਹਾਰ ਝੱਲਣੀ ਪਈ ਹੈ, ਜਦੋਂਕਿ ਪਾਕਿਸਤਾਨ ਨੇ ਆਪਣੇ ਨੌਂ ਮੈਚਾਂ ਵਿੱਚੋਂ ਪੰਜ ਗੁਆਏ ਹਨ। ਪਾਕਿਸਤਾਨ ਦੀ ਇਸ ਹਾਰ ਨਾਲ ਹੀ ਨਿਊਜ਼ੀਲੈਂਡ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਉਸ ਦੀ ਟੱਕਰ 15 ਨਵੰਬਰ ਨੂੰ ਮੁੰਬਈ ਵਿੱਚ ਮੇਜ਼ਬਾਨ ਭਾਰਤ ਨਾਲ ਹੋਵੇਗੀ, ਜਦੋਂਕਿ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਅਗਲੇ ਦਿਨ 16 ਨਵੰਬਰ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ। ਆਸਟਰੇਲੀਆ ਨੇ ਦੋ ਮੈਚ ਗੁਆਉਣ ਮਗਰੋਂ ਲਗਾਤਾਰ ਸੱਤ ਜਿੱਤਾਂ ਨਾਲ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਆਸਟਰੇਲਿਆਈ ਬੱਲੇਬਾਜ਼ਾਂ ਗਲੇਨ ਮੈਕਸਵੈੱਲ ਨੇ ਅਫਗਾਨਿਸਤਾਨ ਖ਼ਿਲਾਫ਼ ਪਿਛਲੇ ਮੈਚ ਵਿੱਚ ਨਾਬਾਦ 201 ਦੌੜਾਂ ਬਣਾਈਆਂ ਸਨ।
ਅੱਜ ਆਪਣੇ ਆਖ਼ਰੀ ਲੀਗ ਮੈਚ ਵਿੱਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੇਨ ਸਟੋਕਸ (84 ਦੌੜਾਂ), ਜੋਅ ਰੂਟ (60 ਦੌੜਾਂ) ਅਤੇ ਜੌਨੀ ਬੇਅਰਸਟੋਅ (59 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਨੌਂ ਵਿਕਟਾਂ ’ਤੇ 337 ਦੌੜਾਂ ਬਣਾਈਆਂ ਫਿਰ ਪਾਕਿਸਤਾਨ ਦੀ ਪੂਰੀ ਟੀਮ ਨੂੰ 43.3 ਓਵਰਾਂ ਵਿੱਚ 244 ਦੌੜਾਂ ’ਤੇ ਆਊਟ ਕਰ ਦਿੱਤਾ। ਪਾਕਿਸਤਾਨ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਇਹ ਟੀਚਾ 6.4 ਓਵਰਾਂ ਵਿੱਚ ਹਾਸਲ ਕਰਨਾ ਸੀ, ਜੋ ਸੰਭਵ ਨਹੀਂ ਸੀ। ਉਸ ਵੱਲੋਂ ਆਗ਼ਾ ਸਲਮਾਨ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਇੰਗਲੈਂਡ ਲਈ ਡੇਵਿਡ ਵਿਲੀ ਨੇ ਤਿੰਨ ਵਿਕਟਾ ਲਈਆਂ। 40 ਓਵਰਾਂ ਮਗਰੋਂ ਇੰਗਲੈਂਡ ਦਾ ਸਕੋਰ 240 ਦੌੜਾਂ ਸੀ। ਉਸ ਨੇ ਆਖ਼ਰੀ ਦਸ ਓਵਰਾਂ ਵੱਚ 97 ਦੌੜਾਂ ਬਣਾਈਆਂ, ਪਰ ਆਪਣੀਆਂ ਸੱਤ ਵਿਕਟਾਂ ਵੀ ਗੁਆਈਆਂ। ਪਾਕਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਤਿੰਨ, ਜਦੋਂਕਿ ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਜੂਨੀਅਰ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ