ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਸਾਰੇ ਗੈ਼ਰ-ਕਾਨੂੰਨੀ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਆਪਣੀ ਯੋਜਨਾ ਤਹਿਤ ਅਫ਼ਗਾਨ ਨਾਗਰਿਕਤਾ ਕਾਰਡਧਾਰਕਾਂ (ਏਸੀਸੀ) ਨੂੰ 31 ਮਾਰਚ ਤੱਕ ਸਵੈ-ਇੱਛਾ ਨਾਲ ਪਾਕਿਸਤਾਨ ਛੱਡਣ ਲਈ ਕਿਹਾ ਹੈ। ਇਹ ਜਾਣਕਾਰੀ ਅਧਿਕਾਰਤ ਦਸਤਾਵੇਜ਼ ਵਿੱਚ ਦਿੱਤੀ ਗਈ ਹੈ। ਸ਼ੁੱਕਰਵਾਰ ਰਾਤ ਨੂੰ ਮੀਡੀਆ ਵਿੱਚ ਕਥਿਤ ਤੌਰ ’ਤੇ ਲੀਕ ਹੋਏ ਇਸ ਦਸਤਾਵੇਜ਼ ਵਿੱਚ ਸੰਕੇਤ ਦਿੱਤਾ ਗਿਆ ਕਿ ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਰਹਿਣ ਵਾਲੇ ਏਸੀਸੀ ਧਾਰਕਾਂ ਨੂੰ ਵਾਪਸ ਅਫ਼ਗਾਨਿਸਤਾਨ ਭੇਜਿਆ ਜਾਵੇਗਾ। ਇਹ ਅਫ਼ਗਾਨ ਪਰਵਾਸੀਆਂ ਲਈ ਬਹੁ-ਪੜਾਵੀ ਪੁਨਰਵਾਸ ਯੋਜਨਾ ਦਾ ਹਿੱਸਾ ਹੈ। ਇਹ ਫ਼ੈਸਲਾ ਅਤਿਵਾਦ ਦੇ ਮੁੱਦੇ ’ਤੇ ਇਸਲਾਮਾਬਾਦ ਅਤੇ ਕਾਬੁਲ ਵਿਚਾਲੇ ਵਿਗੜਦੇ ਸਬੰਧਾਂ ਕਾਰਨ ਕੀਤਾ ਗਿਆ ਹੈ ਅਤੇ ਇਸ ਨਾਲ ਅਫ਼ਗਾਨ ਨਾਗਰਿਕ ਕਾਰਡ ਰੱਖਣ ਵਾਲੇ 8,00,000 ਤੋਂ ਵੱਧ ਸ਼ਰਨਾਰਥੀਆਂ ’ਤੇ ਅਸਰ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਗੈ਼ਰ-ਕਾਨੂੰਨੀ ਵਿਦੇਸ਼ੀਆਂ ਦਾ ਵਾਪਸੀ ਪ੍ਰੋਗਰਾਮ (ਆਈਐੱਫਆਰਪੀ ) ਪਹਿਲੀ ਨਵੰਬਰ 2023 ਤੋਂ ਸ਼ੁਰੂ ਕੀਤਾ ਗਿਆ ਸੀ। -ਪੀਟੀਆਈ