ਪਾਕਿ ਨੈਸ਼ਨਲ ਅਸੈਂਬਲੀ ਵੱਲੋਂ ਸੰਸਦ ਮੈਂਬਰਾਂ ਦੀ ਅਯੋਗਤਾ ਦੀ ਮਿਆਦ ਘਟਾਉਣ ਦਾ ਬਿੱਲ ਪਾਸ
ਇਸਲਾਮਾਬਾਦ, 25 ਜੂਨ
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸੰਸਦ ਮੈਂਬਰਾਂ ਦੀ ਉਮਰ ਭਰ ਦੀ ਅਯੋਗਤਾ ਨੂੰ ਪੰਜ ਸਾਲ ਤੱਕ ਸੀਮਤ ਕਰਨ ਵਾਲਾ ਬਿੱਲ ਅੱਜ ਪਾਸ ਕਰ ਦਿੱਤਾ, ਜਿਸ ਨਾਲ ਇਸ ਸਾਲ ਦੀਆਂ ਕੌਮੀ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਤਨ ਵਾਪਸੀ ਲਈ ਰਾਹ ਪੱਧਰਾ ਹੋ ਗਿਆ ਹੈ। ਸ਼ਰੀਫ (73) ਨੂੰ ਸਾਲ 2017 ਵਿੱਚ ਸੁਪਰੀਮ ਕੋਰਟ ਨੇ ਉਮਰ ਭਰ ਲਈ ਅਯੋਗ ਕਰਾਰ ਦਿੱਤਾ ਸੀ ਅਤੇ ਬਾਅਦ ਵਿੱਚ ਹੋਰ ਅਦਾਲਤਾਂ ਵਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। 2018 ਵਿੱਚ ਸੁਪਰੀਮ ਕੋਰਟ ਵਲੋਂ ਪਨਾਮਾ ਪੇਪਰਜ਼ ਕੇਸ ਸਬੰਧੀ ਫੈਸਲਾ ਸੁਣਾਉਣ ਤੋਂ ਬਾਅਦ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਜੀਵਨ ਭਰ ਲਈ ਜਨਤਕ ਅਹੁਦਾ ਸੰਭਾਲਣ ਲਈ ਅਯੋਗ ਹੋ ਗਏ ਸਨ। ਚੋਣ (ਸੋਧ) ਬਿੱਲ 2023 ਅਯੋਗਤਾ ਦੀ ਮਿਆਦ ਨੂੰ ਘਟਾਉਣ ਤੋਂ ਇਲਾਵਾ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੂੰ ਰਾਸ਼ਟਰਪਤੀ ਨਾਲ ਸਲਾਹ ਕੀਤੇ ਬਿਨਾਂ ਇਕੱਲੇ ਤੌਰ ‘ਤੇ ਚੋਣਾਂ ਦੀਆਂ ਤਰੀਕਾਂ ਐਲਾਨਣ ਦੀਆਂ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਬਿੱਲ ਨੂੰ ਪਹਿਲਾਂ ਹੀ 16 ਜੂਨ ਨੂੰ ਸੈਨੇਟ ਵਲੋਂ ਮਨਜ਼ੂਰੀ ਦਿੱਤੀ ਗਈ ਸੀ। ਇਹ ਬਿੱਲ ਰਾਸ਼ਟਰਪਤੀ ਵਲੋਂ ਮੋਹਰ ਲਾਉਣ ਤੋਂ ਬਾਅਦ ਕਾਨੂੰਨ ਬਣ ਜਾਵੇਗਾ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਮਰਥਕ ਰਾਸ਼ਟਰਪਤੀ ਆਰਿਫ਼ ਅਲਵੀ ਵਿਦੇਸ਼ ਵਿਚ ਹਨ ਤੇ ਇਸ ਵੇਲੇ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਕਾਰਜਕਾਰੀ ਰਾਸ਼ਟਰਪਤੀ ਹਨ ਜੋ ਸੰਭਾਵੀ ਤੌਰ ‘ਤੇ ਹੋਰ ਸਮਾਂ ਖਰਾਬ ਨਾ ਕਰਨ ਦੀ ਥਾਂ ਇਸ ਬਿੱਲ ਦੇ ਹੱਕ ਵਿਚ ਦਸਤਖਤ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਕਾਨੂੰਨ ਬਣਨ ਤੋਂ ਬਾਅਦ ਸ਼ਰੀਫ ਦੀ ਉਮਰ ਭਰ ਦੀ ਅਯੋਗਤਾ ਖਤਮ ਹੋ ਜਾਵੇਗੀ। -ਪੀਟੀਆਈ