ਪਾਕਿਸਤਾਨ: ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ
ਇਸਲਾਮਾਬਾਦ, 26 ਅਕਤੂਬਰ
ਇੱਥੇ ਰਾਸ਼ਟਰਪਤੀ ਭਵਨ ਵਿੱਚ ਅੱਜ ਹੋਏ ਇਕ ਸਮਾਗਮ ਵਿਚ ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਇਸ ਮੌਕੇ ਸਰਕਾਰ ਦੇ ਉਚ ਅਧਿਕਾਰੀ ਸ਼ਾਮਲ ਸਨ।
ਉਨ੍ਹਾਂ ਨੇ ਇਹ ਅਹੁਦਾ ਕਾਜ਼ੀ ਫੈਜ਼ ਈਸਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੰਭਾਲਿਆ ਹੈ ਜੋ ਬੀਤੇ ਦਿਨੀਂ ਸੇਵਾਮੁਕਤ ਹੋਏ ਸਨ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਨਵੇਂ ਚੀਫ਼ ਜਸਟਿਸ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਕੈਬਨਿਟ ਮੰਤਰੀ, ਰੱਖਿਆ ਬਲਾਂ ਦੇ ਮੁਖੀ ਤੇ ਹੋਰ ਅਧਿਕਾਰੀ ਸ਼ਾਮਲ ਸਨ। ਜਸਟਿਸ ਅਫਰੀਦੀ ਨੂੰ ਵਿਸ਼ੇਸ਼ ਸੰਸਦੀ ਕਮੇਟੀ (ਐਸਪੀਸੀ) ਵੱਲੋਂ ਚੀਫ਼ ਜਸਟਿਸ ਨਾਮਜ਼ਦ ਕੀਤਾ ਗਿਆ ਸੀ। ਇਹ ਵਿਸ਼ੇਸ਼ ਸੰਸਦੀ ਕਮੇਟੀ ਹਾਲ ਹੀ ਵਿੱਚ ਅਪਣਾਈ ਗਈ 26ਵੀਂ ਸੰਵਿਧਾਨਕ ਸੋਧ ਤੋਂ ਬਾਅਦ ਬਣਾਈ ਗਈ ਸੀ। ਇਸ ਕਮੇਟੀ ਨੇ ਨਿਆਂਪਾਲਿਕਾ ਵਿੱਚ ਕਈ ਬਦਲਾਅ ਕੀਤੇ ਸਨ। ਜ਼ਿਕਰਯੋਗ ਹੈ ਕਿ ਅਫਰੀਦੀ ਜੂਨ 2018 ਵਿੱਚ ਸਰਵਉਚ ਅਦਾਲਤ ਵਿੱਚ ਪਦਉਨਤ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਸੰਬਰ 2016 ਵਿੱਚ ਪੇਸ਼ਾਵਰ ਹਾਈ ਕੋਰਟ ਦੇ ਸਭ ਤੋਂ ਘੱਟ ਉਮਰ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ। ਪੀਟੀਆਈ