ਪਾਕਿ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਿੱਕਾ ਜਾਰੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਨਵੰਬਰ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਹਨ, ਜੋ ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਵਾਪਸੀ ਮੌਕੇ ਜਥੇ ਦੇ ਆਗੂਆਂ ਨੂੰ ਵਾਹਗਾ ਸਰਹੱਦ ’ਤੇ ਸਤਿਕਾਰ ਵਜੋਂ ਭੇਟ ਕੀਤੇ ਗਏ।
ਗੁਰੂ ਸਾਹਿਬ ਦੀ ਯਾਦ ਵਿੱਚ ਜਾਰੀ ਕੀਤੇ ਗਏ ਇਹ ਸਿੱਕੇ ਸੁਨਹਿਰੀ ਰੰਗ ਦੇ ਹਨ, ਜਿਨ੍ਹਾਂ ਉੱਪਰ ਇੱਕ ਪਾਸੇ ਅੰਗਰੇਜ਼ੀ ਵਿੱਚ ਅਤੇ ਦੂਜੇ ਪਾਸੇ ਉਰਦੂ ਵਿੱਚ ਸ਼ਬਦ ਉੱਕਰੇ ਹੋਏ ਹਨ। ਇੱਕ ਪਾਸੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਹੈ ਅਤੇ ਅੰਗਰੇਜ਼ੀ ਵਿੱਚ 555ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਕਰਿਆ ਹੋਇਆ ਹੈ। ਇਸ ਦੇ ਹੇਠਾਂ 1469-2024 ਲਿਖਿਆ ਹੋਇਆ ਹੈ। ਇਹ ਸਿੱਕੇ ਇੱਕ ਸੁੰਦਰ ਡੱਬੇ ਵਿੱਚ ਪੈਕ ਕੀਤੇ ਹੋਏ ਹਨ, ਜਿਸ ਦੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ ਅਤੇ ਅੰਦਰਲੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਸਮੁੱਚੀ ਸਿੱਖ ਕੌਮ ਨੂੰ 555ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹੋਈਆਂ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ ਨੇ ਦੱਸਿਆ ਕਿ ਵਾਪਸੀ ਮੌਕੇ ਵਾਹਗਾ ਸਰਹੱਦ ਵਿਖੇ ਪੀਐੱਸਜੀਪੀਸੀ ਅਤੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਿੱਖ ਜਥੇ ਦੇ ਲੀਡਰਾਂ ਨੂੰ ਇਹ ਯਾਦਗਾਰੀ ਸਿੱਕੇ ਭੇਟ ਕੀਤੇ ਗਏ ਹਨ।