ਪਾਕਿਸਤਾਨ: ਪੰਜ ਕਰੋੜ ਦੀ ਫਿਰੌਤੀ ਲਈ ਹਿੰਦੂ ਕਾਰੋਬਾਰੀ ਅਗਵਾ
ਕਰਾਚੀ, 3 ਅਗਸਤ
ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਅਗਵਾਕਾਰਾਂ ਨੇ ਕਸ਼ਮੋਰੇ ਜ਼ਿਲ੍ਹੇ ਤੋਂ ਅਗਵਾ ਕੀਤੇ ਇੱਕ ਹਿੰਦੂ ਕਾਰੋਬਾਰੀ ਦੀ ਰਿਹਾਈ ਲਈ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਅਣਪਛਾਤੇ ਅਗਵਾਕਾਰਾਂ ਨੇ ਕਾਰੋਬਾਰੀ ਜਗਦੀਸ਼ ਕੁਮਾਰ ਮੱਕੀ ਨੂੰ 20 ਜੂਨ ਨੂੰ ਅਗਵਾ ਕੀਤਾ ਸੀ ਅਤੇ ਉਸ ’ਤੇ ਤਸ਼ੱਦਦ ਵੀ ਕੀਤਾ। ਮੱਕੀ ਦੇ ਪਰਿਵਾਰ ਵੱਲੋਂ ਇਸ ਸਬੰਧ ’ਚ ਪਾਕਿਸਤਾਨ ਦਰਾਵਰ ਇਤੇਹਾਦ ਦੇ ਮੁਖੀ ਫਕੀਰ ਸ਼ਿਵਾ ਕਾਛੀ ਦੀ ਮਦਦ ਨਾਲ ਕਸ਼ਮੋਰੇ ਥਾਣੇ ਵਿੱਚ ਅਤੇ ਕਰਾਚੀ ਪੁਲੀਸ ਹੈੱਡਕੁਆਰਟਰ ’ਚ ਸ਼ਿਕਾੲਤ ਕੀਤੀ ਗਈ ਹੈ। ਮੱਕੀ ਦੇ ਬੇਟੇ ਨਰੇਸ਼ ਕੁਮਾਰ ਨੂੰ 31 ਮਈ ਨੂੰ ਇੱਕ ਵੀਡੀਓ ਮਿਲੀ ਸੀ ਜਿਸ ਵਿੱਚ ਜਗਦੀਸ਼ ਕੁਮਾਰ ਦੀ ਗਰਦਨ, ਹੱਥ ਅਤੇ ਪੈਰ ਬੰਨ੍ਹੇ ਹੋਏ ਹਨ ਤੇ ਉਸ ਨੂੰ ਸੋਟੀਆਂ ਨਾਲ ਕੁੱਟਿਆ ਜਾ ਰਿਹਾ। ਉਸ ਦੇ ਸਿਰ ’ਤੇ ਇੱਕ ਹਥਿਆਰ ਵੀ ਤਾਣਿਆ ਹੋਇਆ ਹੈ। ਵੀਡੀਓ ’ਚ ਪੀੜਤ ਵਿਅਕਤੀ ਅਗਵਾਕਾਰਾਂ ਤੋਂ ਰਹਿਮ ਦੀ ਅਪੀਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜਦਕਿ ਅਗਵਾਕਾਰਾਂ ਵੱਲੋਂ ਉਸ ਦੀ ਰਿਹਾਈ ਲਈ ਪਰਿਵਾਰ ਤੋਂ 5 ਕਰੋੜ ਰੁਪਏ ਮੰਗੇ ਜਾ ਰਹੇ। ਘਟਨਾ ’ਤੇ ਵੱਖ-ਵੱਖ ਮੁਨੱਖੀ ਅਧਿਕਾਰ ਸੰਗਠਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਰਕੁਨਾਂ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ, ਘੱਟ ਗਿਣਤੀਆਂ ਦੀ ਹਾਲਤ ਤਰਸਯੋਗ ਹੈ। -ਏਐੱਨਆਈ