ਪਾਕਿਸਤਾਨ ਸਰਕਾਰ ਵੱਲੋਂ ਪਸ਼ਤੂਨ ਤਹੱਫੁਜ਼ ਮੂਵਮੈਂਟ ਪਾਰਟੀ ’ਤੇ ਪਾਬੰਦੀ
ਇਸਲਾਮਾਬਾਦ: ਪਾਕਿਸਤਾਨੀ ਸਰਕਾਰ ਨੇ ਕਬਾਇਲੀ ਪਸ਼ਤੂਨ ਸਿਆਸੀ ਪਾਰਟੀ ’ਤੇ ਪਾਬੰਦੀ ਲਗਾ ਦਿੱਤੀ ਹੈ। ਪਸ਼ਤੂਨ ਤਹੱਫੁਜ਼ ਮੂਵਮੈਂਟ ਪਾਰਟੀ ਅਸ਼ਾਂਤ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਕਬਾਇਲੀ ਖ਼ਿੱਤੇ ’ਚ ਸਰਗਰਮ ਹੈ ਅਤੇ ਉਹ ਅਕਸਰ ਫੌਜ ਦੀ ਆਲੋਚਨਾ ਕਰਦੀ ਰਹਿੰਦੀ ਹੈ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਅਤਿਵਾਦ ਵਿਰੋਧੀ ਐਕਟ 1997 ਦੀ ਧਾਰਾ 11ਬੀ ਤਹਿਤ ਮੂਵਮੈਂਟ ਨੂੰ ਗ਼ੈਰਕਾਨੂੰਨੀ ਐਲਾਨ ਦਿੱਤਾ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਪਾਰਟੀ ਦੇਸ਼ ਦੇ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਮਨਜ਼ੂਰ ਪਸ਼ਤੀਨ ਦੀ ਅਗਵਾਈ ਹੇਠਲੀ ਪਾਰਟੀ ਪਿਛਲੇ ਕੁਝ ਸਾਲਾਂ ਤੋਂ ਸਰਗਰਮ ਹੈ ਅਤੇ ਇਸ ਦੀ ਲੀਡਰਸ਼ਿਪ ਅਫ਼ਗਾਨ ਸਰਹੱਦ ਨਾਲ ਲੱਗਦੇ ਕਬਾਇਲੀ ਖੇਤਰ ਦੀਆਂ ਸਮੱਸਿਆਵਾਂ ਲਈ ਪਾਕਿਸਤਾਨੀ ਫੌਜ ਨੂੰ ਦੋਸ਼ੀ ਠਹਿਰਾਉਂਦੀ ਹੈ। ਪੀਟੀਐੱਮ ਦੀ ਸ਼ੁਰੂਆਤ ਮਈ 2014 ਵਿੱਚ ਮਹਿਸੂਦ ਤਹੱਫੁਜ਼ ਅੰਦਰੋਲਨ ਦੇ ਰੂਪ ਵਿੱਚ ਹੋਈ ਸੀ, ਜਦੋਂ ਵਿਦਿਆਰਥੀਆਂ ਦੇ ਇਕ ਸਮੂਹ ਨੇ ਵਜ਼ੀਰਿਸਤਾਨ ਅਤੇ ਕਬਾਇਲੀ ਖੇਤਰ ਦੇ ਹੋਰ ਹਿੱਸਿਆਂ ਵਿੱਚੋਂ ਬਾਰੂਦੀ ਸੁਰੰਗਾਂ ਹਟਾਉਣ ਦੀ ਪਹਿਲ ਦੇ ਰੂਪ ਵਿੱਚ ਇਸ ਦਾ ਗਠਨ ਕੀਤਾ ਸੀ। -ਪੀਟੀਆਈ