ਪਾਕਿਸਤਾਨ: ਪੁਲੀਸ ਮੁਕਾਬਲੇ ’ਚ ਚਾਰ ਮੁਲਜ਼ਮ ਹਲਾਕ
07:20 AM Apr 02, 2025 IST
ਲਾਹੌਰ, 1 ਅਪਰੈਲ
ਪਾਕਿਸਤਾਨੀ ਪੰਜਾਬ ਵਿੱਚ ਅੱਜ ਪੁਲੀਸ ਨੇ ਮੁਕਾਬਲੇ ਵਿੱਚ ਚਾਰ ਮੁਲਜ਼ਮਾਂ ਨੂੰ ਮਾਰ ਮੁਕਾਇਆ। ਇਨ੍ਹਾਂ ਚਾਰਾਂ ’ਤੇ 11 ਸਾਲਾ ਲੜਕੀ ਨਾਲ ਜਬਰ-ਜਨਾਹ ਕਰਕੇ ਉਸ ਦਾ ਕਤਲ ਕਰਨ ਦਾ ਦੋਸ਼ ਸੀ। ਪੁਲੀਸ ਦੇ ਸੂਤਰ ਨੇ ਦੱਸਿਆ ਕਿ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਬਹਾਵਲਪੁਰ ਜ਼ਿਲ੍ਹੇ ’ਚ 24 ਮਾਰਚ ਨੂੰ ਲੜਕੀ ਨਾਲ ਜਬਰ-ਜਨਾਹ ਕਰਕੇ ਉਸ ਦਾ ਕਤਲ ਕਰਨ ਵਾਲੇ ਮਸ਼ਕੂਕ ਉਸ ਦੇ ਰਿਸ਼ਤੇਦਾਰ ਹੀ ਸਨ। ਸੂਤਰ ਨੇ ਦੱਸਿਆ ਕਿ 30 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਇਨ੍ਹਾਂ ਨੂੰ ਪੀੜਤਾ ਦਾ ਕਤਲ ਕਰਨ ਲਈ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਕਿਤੇ ਲਿਜਾਇਆ ਗਿਆ ਸੀ। ਉਥੋਂ ਚਾਕੂ ਬਰਾਮਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਾਰਵਾਈ ’ਚ ਚਾਰੇ ਮੁਲਜ਼ਮ ਮਾਰੇ ਗਏ, ਜਦਕਿ ਉਨ੍ਹਾਂ ਦੇ ਸਾਥੀ ਭੱਜਣ ’ਚ ਕਾਮਯਾਬ ਹੋ ਗਏ। -ਪੀਟੀਆਈ
Advertisement
Advertisement