ਪਾਕਿਸਤਾਨ: ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਸੈਨੇਟ ਦੇ ਚੇਅਰਮੈਨ ਨਿਯੁਕਤ
ਇਸਲਾਮਾਬਾਦ, 9 ਅਪਰੈਲ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਅੱਜ ਸੈਨੇਟ ਦਾ ਚੇਅਰਮੈਨ ਜਦਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੈਦਲ ਖ਼ਾਨ ਨਾਸਿਰ ਨੂੰ ਡਿਪਟੀ ਚੇਅਰਮੈਨ ਚੁਣਿਆ ਗਿਆ ਹੈ। ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਦ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਦੋਵੇਂ ਆਗੂਆਂ ਦੀ ਬਿਨਾਂ ਵਿਰੋਧ ਚੋਣ ਹੋਈ। ਗਿਲਾਨੀ ਅਤੇ ਨਾਸਿਰ ਤੋਂ ਇਲਾਵਾ ਇਨ੍ਹਾਂ ਦੋਵਾਂ ਅਹੁਦਿਆਂ ਲਈ ਕਿਸੇ ਹੋਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਸੀ।
ਸੈਨੇਟ ਦਾ ਸੈਸ਼ਨ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੈਂਬਰਾਂ ਦੇ ਵਿਰੋਧ ਦੇ ਵਿਚਕਾਰ ਸ਼ੁਰੂ ਹੋਇਆ। ਉਨ੍ਹਾਂ ਦੀ ਮੰਗ ਸੀ ਕਿ ਖੈਬਰ ਪਖਤੂਨਖਵਾ (ਕੇਪੀ) ਸੂਬੇ ਵਿੱਚ ਸੈਨੇਟਰਾਂ ਦੀ ਚੋਣ ਹੋਣ ਤੱਕ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਜਾਵੇ। ਕੇਪੀ ਵਿੱਚ 2 ਅਪਰੈਲ ਨੂੰ ਚੋਣਾਂ ਹੋਣੀਆਂ ਸਨ ਪਰ ਸੂਬੇ ਦੀ ਵਿਧਾਨ ਸਭਾ ਦੇ ਰਾਖਵੇਂ ਮੈਂਬਰਾਂ ਦੇ ਸਹੁੰ ਚੁੱਕਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸੈਸ਼ਨ ਸ਼ੁਰੂ ਹੋਣ ਤੋਂ ਬਾਅਦ 41 ਨਵੇਂ ਚੁਣੇ ਗਏ ਸੈਨੇਟਰਾਂ ਨੂੰ ਸਹੁੰ ਚੁਕਾਈ ਗਈ। ਸੈਨੇਟ ਦੇ ਮੈਂਬਰਾਂ ਦੀ ਕੁੱਲ ਗਿਣਤੀ 96 ਹੈ ਪਰ ਫਿਰਲਹਾਲ 85 ਸੈਨੇਟਰ ਹੀ ਇਸ ਦੇ ਮੈਂਬਰ ਹਨ। -ਪੀਟੀਆਈ