ਪਾਕਿਸਤਾਨ ਚੋਣਾਂ
ਪਾਕਿਸਤਾਨ ਦੀਆਂ ਆਮ ਚੋਣਾਂ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੋ ਜੇਲ੍ਹ ’ਚ ਬੰਦ ਹਨ, ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲ-ਐੱਨ) ਵਾਸਤੇ ਹੈਰਾਨੀਜਨਕ ਚੁਣੌਤੀ ਬਣ ਕੇ ਉੱਭਰੇ ਹਨ। ਵੋਟਾਂ ਦੀ ਗਿਣਤੀ ਅਤੇ ਜੇਤੂਆਂ ਦੇ ਐਲਾਨ ਸਬੰਧੀ ਸਥਿਤੀ ਭਾਵੇਂ ਸਪਸ਼ਟ ਨਹੀਂ ਪਰ ਮਨਸਹਿਰਾ ਸੀਟ ਤੋਂ ਨਵਾਜ਼ ਸ਼ਰੀਫ਼ ਨੂੰ ਝਟਕਾ ਲੱਗਾ ਹੈ ਜਿਨ੍ਹਾਂ ਨੂੰ ਪੀਟੀਆਈ ਦੀ ਹਮਾਇਤ ਪ੍ਰਾਪਤ ਸ਼ਾਹਜ਼ਾਦਾ ਗਸਤਾਸਪ ਨੇ ਹਰਾ ਦਿੱਤਾ ਹੈ ਹਾਲਾਂਕਿ ਉਨ੍ਹਾਂ ਇਕ ਹੋਰ ਆਜ਼ਾਦ ਉਮੀਦਵਾਰ ਯਾਸਮਿਨ ਰਾਸ਼ਿਦ ਨੂੰ ਹਰਾ ਕੇ ਲਾਹੌਰ ਦੀ ਸੀਟ ਜਿੱਤ ਲਈ ਹੈ।
ਪੀਟੀਆਈ ਦੇ ਮੈਂਬਰਾਂ ਨੇ 8 ਫਰਵਰੀ ਦੀਆਂ ਇਹ ਚੋਣਾਂ ਆਜ਼ਾਦ ਉਮੀਦਵਾਰਾਂ ਵਜੋਂ ਲੜੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਾਰਟੀ ਚੋਣ ਨਿਸ਼ਾਨ (ਕ੍ਰਿਕਟ ਬੈਟ) ’ਤੇ ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਮੁੱਢਲੇ ਚੋਣ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਜੋ ਪੀਟੀਆਈ ਦੇ ਬਾਨੀ ਚੇਅਰਮੈਨ ਹਨ, ਨੇ ਕਈ ਮਾਮਲਿਆਂ ’ਚ ਸਜ਼ਾ ਸੁਣਾਏ ਜਾਣ ਅਤੇ ਚੋਣਾਂ ਲੜਨ ਤੋਂ ਰੋਕੇ ਜਾਣ ਦੇ ਬਾਵਜੂਦ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਇਮਰਾਨ ਖ਼ਾਨ ਜਿਨ੍ਹਾਂ ਨੂੰ 2022 ’ਚ ਗੱਦੀਓਂ ਲਾਹ ਦਿੱਤਾ ਗਿਆ ਸੀ, ਹਾਲੇ ਵੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ। ਲੰਘੇ ਸਾਲ ਮਈ ’ਚ ਜਦੋਂ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਦੇਸ਼ ਦੇ ਕਈ ਹਿੱਸਿਆਂ ’ਚ ਹਿੰਸਾ ਭੜਕ ਗਈ ਸੀ; ਪ੍ਰਦਰਸ਼ਨਕਾਰੀਆਂ ਨੇ ਰਾਵਲਪਿੰਡੀ ’ਚ ਫ਼ੌਜ ਦੇ ਹੈੱਡਕੁਆਰਟਰ ਸਮੇਤ ਕਈ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਪੀਟੀਆਈ ਦੀ ਇਹ ਸਫਲਤਾ ਪਾਕਿਸਤਾਨ ਦੀ ਫ਼ੌਜ ਲਈ ਵੱਡਾ ਝਟਕਾ ਹੈ ਜਿਸ ਨੇ ਇਮਰਾਨ ਖ਼ਾਨ ਨੂੰ ਚੋਣ ਮੁਕਾਬਲਿਆਂ ਤੋਂ ਬਾਹਰ ਰੱਖਣ ਅਤੇ ਸ਼ਰੀਫ਼ ਘਰਾਣੇ ਦੀ ਮਦਦ ਲਈ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਸੀ। ਇਸੇ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਨੇ ਆਪਣੇ ਮੁੱਖ ਵਿਰੋਧੀ ਪਾਰਟੀਆਂ- ਪੀਐਮਐੱਲ-ਐੱਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ, ਨਾਲ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਹੈ। ਉੱਧਰ, ਪੀਐਮਐੱਲ-ਐੱਨ ਦੇ ਆਗੂ ਇਸਹਾਕ ਡਾਰ ਨੇ ਦਾਅਵਾ ਕੀਤਾ ਹੈ ਕਿ ਕੁਝ ਜੇਤੂ ਉਮੀਦਵਾਰਾਂ ਨੇ ਉਨ੍ਹਾਂ ਦੀ ਪਾਰਟੀ ਨਾਲ ਸੰਪਰਕ ਕੀਤਾ ਹੈ। ਮੁਸੀਬਤਾਂ ’ਚ ਘਿਰੇ ਪਾਕਿਸਤਾਨ ਵਿਚ ਹੁਣ ਸੱਤਾ ਦੀ ਨਵੀਂ ਖਿੱਚੋਤਾਣ ਸ਼ੁਰੂ ਹੋ ਗਈ ਹੈ। ਪਾਕਿਸਤਾਨ ਨੂੰ ਇਸ ਵਕਤ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਸਖ਼ਤ ਜ਼ਰੂਤ ਹੈ ਤਾਂ ਜੋ ਇਸ ਨੂੰ ਲੰਮੇ ਸਮੇਂ ਤੋਂ ਚਲੇ ਆ ਰਹੇ ਆਰਥਿਕ ਸੰਕਟ ਵਿਚੋਂ ਕੱਢਿਆ ਜਾ ਸਕੇ। ਅਸਲ ਵਿਚ, ਮੁਲਕ ਦੀ ਸਿਆਸਤ ਦੀ ਸਮੁੱਚੀ ਕਮਾਨ ਫ਼ੌਜ ਦੇ ਹੱਥ ਹੈ। ਫ਼ੌਜ ਦੀ ਮਰਜ਼ੀ ਤੋਂ ਬਗੈਰ ਸਰਕਾਰ ਦੀ ਕਾਇਮੀ ਨਾਮੁਮਕਿਨ ਹੀ ਹੁੰਦੀ ਹੈ। ਪਿਛਲੀਆਂ ਚੋਣਾਂ ਮੌਕੇ ਫ਼ੌਜ ਦੀ ਇਮਦਾਦ ਨਾਲ ਹੀ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਸਨ। ਉਦੋਂ ਫ਼ੌਜ ਨੇ ਨਵਾਜ਼ ਸ਼ਰੀਫ਼ ਨੂੰ ਲਾਂਭੇ ਕਰਨ ਦਾ ਤਹੱਈਆ ਕੀਤਾ ਹੋਇਆ ਸੀ। ਬਾਅਦ ਵਿਚ ਕੁਝ ਕਾਰਨਾਂ ਕਰ ਕੇ ਇਮਰਾਨ ਖ਼ਾਨ ਅਤੇ ਫ਼ੌਜ ਦੇ ਤਤਕਾਲੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਕਾਰ ਮੱਤਭੇਦ ਉੱਭਰ ਆਏ ਸਨ। ਐਤਕੀਂ ਫ਼ੌਜੀ ਜਨਰਲਾਂ ਨੇ ਇਕ ਵਾਰ ਫਿਰ ਨਵਾਜ਼ ਸ਼ਰੀਫ਼ ਨੂੰ ਅੱਗੇ ਤਾਂ ਲੈ ਆਂਦਾ ਹੈ ਪਰ ਹੁਣ ਇਸ ਨੂੰ ਇਮਰਾਨ ਖ਼ਾਨ ਦੀ ਲੋਕਪ੍ਰਿਅਤਾ ਅਤੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।