For the best experience, open
https://m.punjabitribuneonline.com
on your mobile browser.
Advertisement

ਪਾਕਿ ਚੋਣਾਂ: ਇਮਰਾਨ ਹਮਾਇਤੀ ਆਜ਼ਾਦ ਉਮੀਦਵਾਰਾਂ ਨੇ 92 ਸੀਟਾਂ ਜਿੱਤੀਆਂ

06:52 AM Feb 10, 2024 IST
ਪਾਕਿ ਚੋਣਾਂ  ਇਮਰਾਨ ਹਮਾਇਤੀ ਆਜ਼ਾਦ ਉਮੀਦਵਾਰਾਂ ਨੇ 92 ਸੀਟਾਂ ਜਿੱਤੀਆਂ
ਨਵਾਜ਼ ਤੇ ਸ਼ਾਹਬਾਜ਼ ਸ਼ਰੀਫ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਰਾਇਟਰਜ਼
Advertisement

* ਨਵਾਜ਼ ਵੱਲੋਂ ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ; ਆਜ਼ਾਦ ਉਮੀਦਵਾਰਾਂ ਨੂੰ ਦਿੱਤਾ ਸੱਦਾ

Advertisement

ਇਸਲਾਮਾਬਾਦ, 9 ਫਰਵਰੀ
ਪਾਕਿਸਤਾਨ ਵਿੱਚ ਕੌਮੀ ਅਸੈਂਬਲੀ ਲਈ ਹੋਈਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਪਰ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ 92 ਸੀਟਾਂ ਜਿੱਤਣ ਵਿਚ ਸਫ਼ਲ ਰਹੇ ਹਨ। ਹੁਣ ਤੱਕ ਕੁੱਲ 224 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ 63, ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) 50 ਤੇ ਛੋਟੀਆਂ ਪਾਰਟੀਆਂ ਨੇ 19 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕਿਸੇ ਵੀ ਪਾਰਟੀ ਨੂੰ ਨਵੀਂ ਸਰਕਾਰ ਦੇ ਗਠਨ ਲਈ ਕੌਮੀ ਅਸੈਂਬਲੀ ਦੀਆਂ 266 ਸੀਟਾਂ ਵਿਚੋੋਂ 133 ਸੀਟਾਂ ’ਤੇ ਜਿੱਤ ਦੀ ਲੋੜ ਹੈ। ਉਧਰ ਚਾਰ ਸੂਬਿਆਂ- ਪੰਜਾਬ, ਬਲੋਚਿਸਤਾਨ, ਖੈਬਰ ਪਖਤੂਨਖਵਾ ਤੇ ਸਿੰਧ- ਦੀਆਂ ਅਸੈਂਬਲੀਆਂ ਦੇ ਚੋਣ ਨਤੀਜੇ ਵੀ ਕਾਫ਼ੀ ਦਿਲਚਸਪ ਹਨ। ਖ਼ੈਬਰ ਪਖ਼ਤੂਨਖਵਾ ਵਿੱਚ ਜਿੱਥੇ ਇਮਰਾਨ ਖਾਨ ਦੀ ਪਾਰਟੀ ਅੱਗੇ ਹੈ ਉੱਥੇ ਪੰਜਾਬ ਤੇ ਬਲੋਚਿਸਤਾਨ ਵਿੱਚ ਸਥਿਤੀ ਅਸਪਸ਼ਟ ਹੈ। ਸਿੰਧ ਸੂਬੇ ਵਿੱਚ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅੱਗੇ ਚੱਲ ਰਹੀ ਹੈ।

ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਇਮਰਾਨ ਹਮਾਇਤੀ। -ਫੋਟੋ: ਪੀਟੀਆਈ

ਨਵਾਜ਼ ਸ਼ਰੀਫ ਨੇ ਸਰਕਾਰ ਬਣਾਉਣ ਲਈ ਆਜ਼ਾਦ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ। ਇਸ ਦੌਰਾਨ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਚੋਣ ਨਤੀਜਿਆਂ ਬਾਰੇ ਚਰਚਾ ਕਰੇਗੀ। ਰਿਪੋਰਟਾਂ ਮੁਤਾਬਕ ਆਗੂ ਇਮਰਾਨ ਨਾਲ ਸ਼ਨਿਚਰਵਾਰ ਨੂੰ ਅਡਿਆਲਾ ਜੇਲ੍ਹ ਵਿੱਚ ਮੁਲਾਕਾਤ ਕਰ ਸਕਦੇ ਹਨ। ਇਮਰਾਨ ਸਮਰਥਕਾਂ ਨੇ ਵੋਟਾਂ ਦੀ ਗਿਣਤੀ ਵਿੱਚ ਹੇਰ-ਫੇਰ ਦੇ ਦੋਸ਼ ਲਾਏ ਹਨ ਅਤੇ ਕੁਝ ਨੇ ਅਦਾਲਤ ਦਾ ਰੁਖ਼ ਵੀ ਕੀਤਾ ਹੈ। ਕਈ ਥਾਵਾਂ ’ਤੇ ਉਹ ਸੜਕਾਂ ਉੱਤੇ ਉੱਤਰ ਆਏ ਹਨ। ਉਧਰ, ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਨਵਾਜ਼ ਸ਼ਰੀਫ਼ ਨੇ ਜਿੱਤ ਦਾ ਦਾਅਵਾ ਕਰਦਿਆਂ ਹੋਰਨਾਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਜੇਲ੍ਹ ਵਿੱਚ ਬੰਦ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ’ਤੇ ਚੋਣ ਲੜਨ ਉੱਤੇ ਪਾਬੰਦੀ ਹੈ। ਚੋਣ ਕਮਿਸ਼ਨ ਨੇ ਪੀਟੀਆਈ ਨੂੰ ਉਸ ਦਾ ਚੋਣ ਨਿਸ਼ਾਨ ‘ਕ੍ਰਿਕਟ ਬੈਟ’ ਨਹੀਂ ਦਿੱਤਾ ਜਿਸ ਕਾਰਨ ਪਾਰਟੀ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਨਵਾਜ਼, ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਉਨ੍ਹਾਂ ਦਾ ਪੁੱਤਰ ਹਮਜ਼ਾ ਸ਼ਾਹਬਾਜ਼ ਨੇ ਆਪਣੇ ਗੜ੍ਹ ਲਾਹੌਰ ਦੇ ਵੱਖ-ਵੱਖ ਹਲਕਿਆਂ ਤੋਂ ਆਪਣੀਆਂ ਚਾਰ ਸੀਟਾਂ ਜਿੱਤ ਲਈਆਂ ਹਨ। ਹਾਲਾਂਕਿ, ਨਵਾਜ਼ ਸ਼ਰੀਫ਼ ਆਪਣੀ ਮਨਸਹਿਰਾ ਸੀਟ ਤੋਂ ਹਾਰ ਗਏ। ਪੀਪੀਪੀ ਆਗੂ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦਾ ਪੁੱਤਰ ਬਿਲਾਵਲ ਆਪੋ ਆਪਣੇ ਹਲਕਿਆਂ ਵਿੱਚ ਅੱਗੇ ਚੱਲ ਰਹੇ ਹਨ। ਸਿੰਧ ਅਸੈਂਬਲੀ ਲਈ 53 ਸੀਟਾਂ ਦੇ ਐਲਾਨੇ ਨਤੀਜਿਆਂ ਵਿਚ ਪੀਪੀਪੀ 45 ਹਲਕਿਆਂ ਤੇ ਆਜ਼ਾਦ ਉਮੀਦਵਾਰ 4 ਸੀਟਾਂ ’ਤੇ ਜਿੱਤ ਗਏ ਹਨ। ਖ਼ੈਬਰ ਪਖਤੂਨਖਵਾ ਦੇ 50 ਹਲਕਿਆਂ ਦੇ ਆਏ ਨਤੀਜਿਆਂ ਵਿਚ ਪੀਟੀਆਈ ਹਮਾਇਤੀ 45 ਆਜ਼ਾਦ ਉਮੀਦਵਾਰ ਜਿੱਤ ਗਏ ਹਨ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਵਿਚ ਪੀਐੱਮਐੱਲ-ਐੱਨ 39 ਸੀਟਾਂ, ਆਜ਼ਾਦ ਉਮੀਦਵਾਰ 33 ਸੀਟਾਂ ਤੇ ਮੁਸਲਿਮ ਲੀਗ-ਕਿਊ ਦੋ ਸੀਟਾਂ ਜਿੱਤ ਗਈ ਹੈ। ਪੀਟੀਆਈ ਚੇਅਰਮੈਨ ਬੈਰਿਸਟਰ ਗੌਹਰ ਖ਼ਾਨ ਨੇ ਪੀਪੀਪੀ ਤੇ ਪੀਐੱਮਐੱਲ-ਐੱਨ ਨਾਲ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਦਮ ’ਤੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×