For the best experience, open
https://m.punjabitribuneonline.com
on your mobile browser.
Advertisement

ਪਾਕਿ ਚੋਣਾਂ: ਫੌਜ ਵੱਲੋਂ ਗੱਠਜੋੜ ਸਰਕਾਰ ਬਣਾਉਣ ਦਾ ਸੱਦਾ

07:14 AM Feb 11, 2024 IST
ਪਾਕਿ ਚੋਣਾਂ  ਫੌਜ ਵੱਲੋਂ ਗੱਠਜੋੜ ਸਰਕਾਰ ਬਣਾਉਣ ਦਾ ਸੱਦਾ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਜਮਾਤ-ਏ-ਇਸਲਾਮੀ ਦੇ ਸਮਰਥਕ ਕਰਾਚੀ ’ਚ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਇਸਲਾਮਾਬਾਦ/ਲਾਹੌਰ, 10 ਫਰਵਰੀ
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਆਮ ਚੋਣਾਂ ਦੇ ਨਤੀਜਿਆਂ ਮਗਰੋਂ ਅੱਜ ਦੇਸ਼ ਦੀ ਵੰਡੀ ਹੋਈ ਸਿਆਸੀ ਲੀਡਰਸ਼ਿਪ ਨੂੰ ਅਪੀਲ ਕੀਤੀ ਸਾਰੀਆਂ ਜਮਹੂਰੀ ਤਾਕਤਾਂ ਮਿਲ ਕੇ ਗੱਠਜੋੜ ਸਰਕਾਰ ਦਾ ਗਠਨ ਕਰਨ। ਇਸ ਤੋਂ ਇੱਕ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਰਲੀ-ਮਿਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਨਵਾਜ਼ ਸ਼ਰੀਫ ਨੂੰ ਫੌਜ ਦੀ ਹਮਾਇਤ ਹਾਸਲ ਦੱਸੀ ਜਾ ਰਹੀ ਹੈ। ਚੋਣ ਨਤੀਜਿਆਂ ’ਚ ਪਾਕਿਸਤਾਨ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ।
ਪਾਕਿਸਤਾਨ ਚੋਣ ਕਮਿਸ਼ਨ ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ 265 ’ਚੋਂ 255 ਸੀਟਾਂ ’ਤੇ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਤੇ ਆਜ਼ਾਦ ਉਮੀਦਵਾਰਾਂ ਨੇ ਸਭ ਤੋਂ ਵੱਧ 100 ਸੀਟਾਂ ਜਿੱਤੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲਐੱਨ) ਨੇ 73 ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ 54 ਸੀਟਾਂ ਤੇ ਮੁਤਹਿਦਾ ਕੌਮੀ ਮੂਵਮੈਂਟ ਨੇ 17 ਸੀਟਾਂ ਜਿੱਤੀਆਂ ਹਨ। ਕੁਝ ਛੋਟੀਆਂ ਪਾਰਟੀਆਂ ਨੇ 11 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਆਜ਼ਾਦ ਉਮੀਦਵਾਰ ਭਾਵੇਂ ਇਮਰਾਨ ਦੀ ਪਾਰਟੀ ਦੀ ਹਮਾਇਤ ਨਾਲ ਚੁਣੇ ਗਏ ਹਨ ਪਰ ਉਹ ਕਿਸੇ ਵੀ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਪੀਐੱਮਐੱਲਐੱਨ ਮੁਖੀ ਨਵਾਜ਼ ਸ਼ਰੀਫ ਨੇ ਲੰਘੀ ਸ਼ਾਮ ਐਲਾਨ ਕੀਤਾ ਸੀ ਕਿ ਉਹ ਗੱਠਜੋੜ ਸਰਕਾਰ ਬਣਾਉਣ ਲਈ ਗੱਲਬਾਤ ਸ਼ੁਰੂ ਕਰ ਰਹੇ ਹਨ ਪਰ ਭਵਿੱਖੀ ਰੂਪ-ਰੇਖਾ ਸਾਹਮਣੇ ਆਉਣ ’ਚ ਕਈ ਦਿਨ ਲੱਗ ਸਕਦੇ ਹਨ। ਜਨਰਲ ਮੁਨੀਰ ਨੇ ਕਿਹਾ, ‘ਪਾਕਿਸਤਾਨ ਦੀ ਵੰਨ-ਸੁਵੰਨੀ ਰਾਜਨੀਤੀ ਤੇ ਬਹੁਵਾਦ ਦੀ ਨੁਮਾਇੰਦਗੀ ਕੌਮੀ ਮਕਸਦ ਨਾਲ ਜੁੜੀਆਂ ਸਾਰੀਆਂ ਜਮਹੂਰੀ ਤਾਕਤਾਂ ਦੀ ਗੱਠਜੋੜ ਸਰਕਾਰ ਵੱਲੋਂ ਕੀਤਾ ਜਾਵੇਗੀ।’ ਉਨ੍ਹਾਂ ਕਿਹਾ ਕਿ ਚੋਣਾਂ ਤੇ ਲੋਕਤੰਤਰ ਪਾਕਿਸਤਾਨ ਦੇ ਲੋਕਾਂ ਦੀ ਸੇਵਾ ਕਰਨ ਦੇ ਸਾਧਨ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਰਾਜਕਤਾ ਤੇ ਧਰੁਵੀਕਰਨ ਦੀ ਸਿਆਸਤ ਤੋਂ ਅੱਗੇ ਵਧਣ ਲਈ ਸਥਿਰ ਹੱਥਾਂ ਦੀ ਲੋੜ ਹੈ। ਇਸੇ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੌਮੀ ਅਸੈਂਬਲੀ ਦੀਆਂ 265 ’ਚੋਂ 170 ਸੀਟਾਂ ਜਿੱਤ ਲਈਆਂ ਹਨ ਤੇ ਉਹ ਮਜਲਿਸ ਵਾਹਦਤ-ਏ-ਮੁਸਲਿਮੀਨ (ਐੱਮਡਬਲਯੂਐੱਮ) ਨਾਲ ਗੱਠਜੋੜ ਕਰ ਰਹੇ ਹਨ। ਪੀਟੀਆਈ ਆਗੂ ਬੈਰਿਸਟਰ ਗੌਹਰ ਖਾਨ ਨੇ ਦੋਸ਼ ਲਾਇਆ ਕਿ ਪੀਟੀਆਈ ਵੱਲੋਂ ਜਿੱਤੀਆਂ ਗਈਆਂ ਸੀਟਾਂ ਨੂੰ ਹਾਰੀਆਂ ਹੋਈਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਲਈ ਵੀ ਕਿਹਾ ਜਿੱਥੇ ਚੋਣ ਨਤੀਜਿਆਂ ’ਚ ਦੇਰੀ ਹੋ ਰਹੀ ਹੈ। -ਪੀਟੀਆਈ

Advertisement

ਕਰਾਚੀ ’ਚ ਚੋਣ ਦਫ਼ਤਰ ਦੇ ਬਾਹਰ ਸੁਰੱਖਿਆ ਕਰਮੀ। -ਫੋਟੋ: ਪੀਟੀਆਈ

ਨਵਾਜ਼ ਸ਼ਰੀਫ਼ ਤੇ ਮਰੀਅਮ ਦੀ ਜਿੱਤ ਨੂੰ ਅਦਾਲਤ ’ਚ ਚੁਣੌਤੀ

ਲਾਹੌਰ: ਪਾਕਿਸਤਾਨ ਵਿੱਚ ਆਮ ਚੋਣਾਂ ਦੌਰਾਨ ਪੀਐੱਮਐੱਲ-ਐੱਨ ਮੁਖੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਦੀ ਲਾਹੌਰ ’ਚ ਕੌਮੀ ਅਸੈਂਬਲੀ ਦੀਆਂ ਸੀਟਾਂ ਤੋਂ ਜਿੱਤ ਨੂੰ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਸਿਖਰਲੀ ਚੋਣ ਸੰਸਥਾ ਨੇ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਉਮੀਦਵਾਰਾਂ ਦੀ ਜਿੱਤ ਨੂੰ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦਿੰਦਿਆਂ ਕਈ ਹਾਰੇ ਹੋਏ ਉਮੀਦਵਾਰਾਂ (ਜਿਨ੍ਹਾਂ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਵੱਲੋਂ ਸਮਰਥਨ ਪ੍ਰਾਪਤ ਸੀ) ਨੇ ਦਾਅਵਾ ਕੀਤਾ ਕਿ ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਉਨ੍ਹਾਂ (ਨਵਾਜ਼ ਸ਼ਰੀਫ ਤੇ ਮਰੀਅਮ ਨਵਾਜ਼) ਨੂੰ ਫਾਰਮ-45 ਦੀ ਬਜਾਏ ਫਾਰਮ-47 ’ਤੇ ‘ਫਰਜ਼ੀ’ ਜੇਤੂ ਐਲਾਨਿਆ ਗਿਆ ਹੈ। ਫਾਰਮ-45 ਨੂੰ ਆਮ ਕਰ ਕੇ ‘ਗਿਣਤੀ ਦਾ ਨਤੀਜਾ ਫਾਰਮ’ ਕਿਹਾ ਜਾਂਦਾ ਹੈ ਅਤੇ ਇਹ ਪਾਕਿਸਤਾਨੀ ਚੋਣ ਪ੍ਰਕਿਰਿਆ ਵਿੱਚ ਇੱਕ ਅਹਿਮ ਰਿਕਾਰਡ ਹੈ। ਪੀਟੀਆਈ ਸਮਰਥਿਤ ਇੱਕ ਹੋਰ ਪਾਕਿਸਤਾਨ ਪੀਪਲਜ਼ ਪਾਰਟੀ ਉਮੀਦਵਾਰ ਨੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਜਿੱਤ ਨੂੰ ਵੀ ਚੁਣੌਤੀ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×