ਪਾਕਿਸਤਾਨ: ਕਣਕ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਸੂਬਾ ਪੰਜਾਬ ਦੇ ਕਿਸਾਨਾਂ ਦਾ ਵਿਧਾਨ ਸਭਾ ਵੱਲ ਮਾਰਚ, ਕਈ ਗ੍ਰਿਫ਼ਤਾਰ
ਇਸਲਾਮਾਬਾਦ, 30 ਅਪਰੈਲ
ਸਰਕਾਰ ਦੀ ਕਣਕ ਖਰੀਦ ਨੀਤੀ ਖ਼ਿਲਾਫ਼ ਜਦੋਂ ਪਾਕਿਸਤਾਨੀ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਕਰਨ ਲਈ ਦਿ ਮਾਲ ਪੁੱਜੇ ਤਾਂ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ। ਕਿਸਾਨ ਇਤੇਹਾਦ ਪਾਕਿਸਤਾਨ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਦਿ ਮਾਲ ਦੇ ਜੀਪੀਓ ਚੌਕ ਵਿਖੇ ਇਕੱਠੇ ਹੋਏ ਅਤੇ ਪੰਜਾਬ ਅਸੈਂਬਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਭਾਰੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਨੇ ਕੰਟੇਨਰ ਲਾ ਕੇ ਸੜਕ ’ਤੇ ਜਾਮ ਲਾ ਦਿੱਤਾ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਣਕ ਦੀ ਖਰੀਦ ਵਿੱਚ ਦੇਰੀ ਅਤੇ ਸਰਕਾਰੀ ਖਰੀਦ ਕੋਟਾ 40 ਲੱਖ ਟਨ ਤੋਂ ਘਟਾ ਕੇ 23 ਲੱਖ ਟਨ ਕਰਨ ਦੇ ਫੈਸਲੇ ਖਿਲਾਫ ਕਿਸਾਨ ਸੜਕਾਂ 'ਤੇ ਉਤਰ ਆਏ ਸਨ। ਕਿਸਾਨ ਇਤੇਹਾਦ ਪਾਕਿਸਤਾਨ ਦੇ ਜਨਰਲ ਸਕੱਤਰ ਮੀਆਂ ਉਮੈਰ ਮਸੂਦ, ਜਿਸ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ, ਨੇ ਕਿਹਾ ਕਿ ਲਾਹੌਰ 'ਚ ਪੁਲੀਸ ਨੇ 250 ਤੋਂ ਵੱਧ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਉਹ ਖੁਦ ਨੂੰ ਗ੍ਰਿਫਤਾਰ ਕਰਨ ਤੋਂ ਬਚ ਗਿਆ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਨੇਵਾਲ, ਵੇਹਾੜੀ, ਕਸੂਰ, ਰਹੀਮ ਯਾਰ ਖਾਨ, ਮੁਲਤਾਨ, ਸਾਦਿਕਾਬਾਦ, ਪਾਕਪਟਨ, ਮੁਜ਼ੱਫਰਗੜ੍ਹ ਅਤੇ ਸਾਹੀਵਾਲ ਜ਼ਿਲ੍ਹਿਆਂ ਵਿੱਚ ਵੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਮੀਆਂ ਉਮੈਰ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਅਤੇ ਪਸ਼ੂਆਂ ਦੀ ਮਦਦ ਨਾਲ ਪੰਜਾਬ ਵਿੱਚ ਹਾਈਵੇਅ ਨੂੰ ਰੋਕਣ ਦੀ ਯੋਜਨਾ ਬਣਾ ਰਹੇ ਹਨ।