ਪਾਕਿਸਤਾਨ ਨੇ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ
ਐਡੀਲੇਡ, 8 ਨਵੰਬਰ
ਤੇਜ਼ ਗੇਂਦਬਾਜ਼ ਹਾਰਿਸ ਰਾਊਫ਼ ਨੇ 29 ਦੌੜਾਂ ਕੇ ਪੰਜ ਵਿਕਟਾਂ ਲਈਆਂ, ਜਦਕਿ ਸਲਾਮੀ ਬੱਲੇਬਾਜ਼ ਸੈਮ ਅਯੂਬ ਨੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਸਦਕਾ ਪਾਕਿਸਤਾਨ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਬਰਾਬਰ ਕਰ ਦਿੱਤੀ। ਰਾਊਫ਼ ਦੀਆਂ ਗੇਂਦਾਂ ਅੱਗੇ ਆਸਟਰੇਲੀਆ ਦੇ ਬੱਲੇਬਾਜ਼ ਜੱਦੋ-ਜਹਿਦ ਕਰਦੇ ਨਜ਼ਰ ਆਏ ਅਤੇ ਉਸ ਦੀ ਪੂਰੀ ਟੀਮ 35 ਓਵਰਾਂ ’ਚ 163 ਦੌੜਾਂ ਬਣਾ ਕੇ ਸਿਮਟ ਗਈ। ਇਸ ਮਗਰੋਂ ਖੱਬੇ ਹੱਥੇ ਦੇ ਬੱਲੇਬਾਜ਼ ਅਯੂਬ ਨੇ ਆਪਣਾ ਜਲਵਾ ਦਿਖਾਇਆ। ਉਸ ਨੇ ਆਪਣੀ ਪਾਰੀ ਵਿੱਚ ਛੇ ਛੱਕੇ ਅਤੇ ਪੰਜ ਚੌਕੇ ਲਗਾਏ, ਜਿਸ ਨਾਲ ਪਾਕਿਸਤਾਨ ਨੇ 26.3 ਓਵਰਾਂ ਵਿੱਚ ਇੱਕ ਵਿਕਟ ’ਤੇ 169 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਾਬਕਾ ਕਪਤਾਨ ਬਾਬਰ ਆਜ਼ਮ (ਨਾਬਾਦ 15) ਨੇ ਐਡਮ ਜ਼ੰਪਾ ਦੀ ਗੇਂਦ ’ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ 64 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ਵਿੱਚ ਚਾਰ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸੀ। ਉਸ ਨੇ ਅਯੂਬ ਨਾਲ ਪਹਿਲੀ ਵਿਕਟ ਲਈ 137 ਦੌੜਾਂ ਦੀ ਭਾਈਵਾਲੀ ਕੀਤੀ। ਆਸਟਰੇਲੀਆ ਦੇ ਅੱਠ ਬੱਲੇਬਾਜ਼ ਦੋਹਰੇ ਅੰਕ ਤੱਕ ਪਹੁੰਚੇ ਪਰ ਕੋਈ ਵੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਨਹੀਂ ਬਦਲ ਸਕਿਆ। ਉਸ ਤਰਫ਼ੋਂ ਸਟੀਵ ਸਮਿੱਥ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਪਾਕਿਸਤਾਨ ਤਰਫ਼ੋਂ ਰਾਊਫ਼ ਤੋਂ ਇਲਾਵਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। -ਏਪੀ
ਲੜੀ ਦਾ ਤੀਜਾ ਤੇ ਆਖ਼ਰੀ ਮੈਚ ਭਲਕੇ
ਲੜੀ ਦਾ ਤੀਜਾ ਅਤੇ ਫ਼ੈਸਲਾਕੁੰਨ ਮੈਚ ਐਤਵਾਰ ਨੂੰ ਪਰਥ ਵਿੱਚ ਖੇਡਿਆ ਜਾਵੇਗਾ। ਆਸਟਰੇਲੀਆ ਨੇ ਭਾਰਤ ਖ਼ਿਲਾਫ਼ 22 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪੰਜ ਮੁੱਖ ਖਿਡਾਰੀਆਂ ਮਿਸ਼ੈਲ ਸਟਾਰਕ, ਸਮਿੱਥ, ਮਾਰਨਸ ਲਾਬੂਸ਼ੇਨ, ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਨੂੰ ਆਖ਼ਰੀ ਮੈਚ ਤੋਂ ਆਰਾਮ ਦਿੱਤਾ ਹੈ। ਇਸ ਮੈਚ ਲਈ ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ਼ ਨੂੰ ਕਪਤਾਨ ਬਣਾਇਆ ਗਿਆ ਹੈ। ਮਿਸ਼ੈਲ ਮਾਰਸ਼ ਅਤੇ ਟਰੈਵਿਸ ਹੈੱਡ ਦੇ ਛੁੱਟੀ ’ਤੇ ਹੋਣ ਕਾਰਨ ਜੋਸ਼ ਅਗਲੇ ਹਫ਼ਤੇ ਪਾਕਿਸਤਾਨ ਖ਼ਿਲਾਫ਼ ਤਿੰਨ ਟੀ20 ਮੈਚਾਂ ਵਿੱਚ ਵੀ ਟੀਮ ਦੀ ਅਗਵਾਈ ਕਰੇਗਾ।