ਪਾਕਿ: ਇਮਰਾਨ ਹਮਾਇਤੀਆਂ ਤੇ ਪੁਲੀਸ ਵਿਚਾਲੇ ਝੜਪਾਂ
ਲਾਹੌਰ, 25 ਨਵੰਬਰ
ਪਾਕਿਸਤਾਨ ਦੇ ਵੱਖ ਵੱਖ ਹਿੱਸਿਆਂ ਤੇ ਖਾਸ ਕਰਕੇ ਇਸਲਾਮਾਬਾਦ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਮਾਇਤੀਆਂ ਦੀ ਪੁਲੀਸ ਨਾਲ ਹੋਈਆਂ ਝੜਪਾਂ ’ਚ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖ਼ਮੀ ਹੋ ਗਏ। ਕਈ ਮੁਲਾਜ਼ਮਾਂ ਨੂੰ ਬੰਦੀ ਵੀ ਬਣਾ ਲਿਆ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੇ ਦਿੱਤੀ।
ਜੇਲ੍ਹ ’ਚ ਬੰਦ 72 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੇ 24 ਨਵੰਬਰ ਨੂੰ ਦੇਸ਼ ਪੱਧਰੀ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਸੀ। ਇਮਰਾਨ ਨੇ ਲੋਕ ਫਤਵੇ ਦੀ ਚੋਰੀ, ਲੋਕਾਂ ਦੀ ਗ੍ਰਿਫ਼ਤਾਰੀ ਤੇ ਸੰਵਿਧਾਨ ਦੀ 26ਵੀਂ ਸੋਧ ਪਾਸ ਹੋਣ ਦੀ ਨਿੰਦਾ ਕੀਤੀ ਸੀ। ਸੰਵਿਧਾਨ ਦੀ 26ਵੀਂ ਸੋਧ ਬਾਰੇ ਉਨ੍ਹਾਂ ਕਿਹਾ ਕਿ ਇਸ ਨੇ ‘ਤਾਨਾਸ਼ਾਹੀ ਸ਼ਾਸਨ’ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੇ ਦੇਸ਼ ਦੀ ਰਾਜਧਾਨੀ ਅੰਦਰ ਦਾਖਲ ਹੋਣ ਅਤੇ ਧਰਨਾ ਦੇਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਅਧਿਕਾਰੀਆਂ ਵੱਲੋਂ ਲਾਈਆਂ ਰੋਕਾਂ ਦਰਮਿਆਨ ਰਾਹ ਵਿੱਚ ਰਾਤ ਭਰ ਰੁਕਣ ਮਗਰੋਂ ਅੱਜ ਇਸਲਾਮਾਬਾਦ ਵੱਲ ਆਪਣਾ ਮਾਰਚ ਮੁੜ ਸ਼ੁਰੂ ਕੀਤਾ ਅਤੇ ਡੀ-ਚੌਕ ਨੇੜੇ ਧਰਨਾ ਦਿੱਤਾ ਜਿੱਥੇ ਦਿ ਪ੍ਰੈਜ਼ੀਡੈਂਸੀ, ਪ੍ਰਧਾਨ ਮੰਤਰੀ ਦਫ਼ਤਰ, ਸੰਸਦ ਭਵਨ ਤੇ ਸੁਪਰੀਮ ਕੋਰਟ ਜਿਹੀਆਂ ਅਹਿਮ ਸਰਕਾਰੀ ਇਮਾਰਤਾਂ ਹਨ। ਪੰਜਾਬ ਦੇ ਸੂਚਨਾ ਮੰਤਰੀ ਅਜ਼ਮਾ ਬੋਖਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਝੜਪ ’ਚ ਜ਼ਖ਼ਮੀ ਹੋਏ ਪੰਜ ਪੁਲੀਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇਸ਼ ਨੂੰ ਅੱਗ ਦੇ ਹਵਾਲੇ ਕਰ ਰਹੇ ਹਨ। ਪੀਟੀਆਈ ਨੇ ਦੱਸਿਆ ਕਿ ਪੰਜਾਬ ਤੇ ਇਸਲਾਮਾਬਾਦ ’ਚ 3500 ਤੋਂ ਵੱਧ ਪਾਰਟੀ ਵਰਕਰ ਤੇ ਆਗੂ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਦਰਜਨਾਂ ਪੀਟੀਆਈ ਵਰਕਰ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਪੀਟੀਆਈ ਦੇ ਬਾਨੀ ਇਮਰਾਨ ਖਾਨ ਤੇ ਹੋਰ ਪਾਰਟੀ ਆਗੂਆਂ ਦੀ ਰਿਹਾਈ ਤੱਕ ਇਸਲਾਮਾਬਾਦ ਵੱਲ ਮਾਰਚ ਜਾਰੀ ਰਹੇਗਾ। ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਗਏ। ਪੰਜਾਬ ਦੇ ਅਟਕ ਜ਼ਿਲ੍ਹੇ ਦੇ ਹਾਰੋ ’ਚ ਰਾਤ ਰੁਕਣ ਮਗਰੋਂ ਅੱਜ ਦੁਪਹਿਰ ਮੁਜ਼ਾਹਰਾਕਾਰੀਆਂ ਨੇ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ। ਬੇਲਾਰੂਸ ਦੇ ਇੱਕ ਉੱਚ ਪੱਧਰੀ ਵਫ਼ਦ ਦੇ ਪਾਕਿਸਤਾਨ ਦੌਰੇ ਕਾਰਨ ਸਰਕਾਰ ਨੇ ਪਹਿਲਾਂ ਹੀ ਧਾਰਾ 144 ਲਾਗੂ ਕਰਕੇ ਰੈਲੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। -ਪੀਟੀਆਈ
ਪੀਟੀਆਈ ਆਗੂਆਂ ਵੱਲੋਂ ਇਮਰਾਨ ਖ਼ਾਨ ਨਾਲ ਮੁਲਾਕਾਤ
ਇਸਲਾਮਾਬਾਦ:
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂਆਂ ਨੇ ਅੱਜ ਅਡਿਆਲਾ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। ਪਾਰਟੀ ਪ੍ਰਧਾਨ ਗੌਹਰ ਅਲੀ ਖਾਨ ਨੇ ਮੀਟਿੰਗ ਮਗਰੋਂ ਕਿਹਾ ਕਿ ਇਮਰਾਨ ਖਾਨ ਨਾਲ ਪਾਰਟੀ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ ਹੈ। ਰਾਜਧਾਨੀ ’ਚ ਮੁਜ਼ਾਹਰੇ ਦੇ ਮੱਦੇਨਜ਼ਰ ਪਾਰਟੀ ਆਗੂ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਖਾਨ ਕਾਰਵਾਈ ਦੀ ਰੂਪਰੇਖਾ ਤਿਆਰ ਕਰਨ ’ਚ ਪੂਰੀ ਤਰ੍ਹਾਂ ਸ਼ਾਮਲ ਹੋਣ। -ਪੀਟੀਆਈ