ਪਾਕਿਸਤਾਨ: ਅਤਿਵਾਦੀਆਂ ਵੱਲੋਂ ਫੌਜੀ ਛਾਉਣੀ ’ਤੇ ਹਮਲਾ
ਪਿਸ਼ਾਵਰ, 16 ਜੁਲਾਈ
ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ’ਚ ਅਤਿਵਾਦੀਆਂ ਦੇ ਇੱਕ ਸਮੂਹ ਵੱਲੋਂ ਇੱਕ ਫੌਜੀ ਛਾਉਣੀ ’ਤੇ ਕੀਤੇ ਗਏ ਹਮਲੇ ’ਚ ਪਾਕਿਸਤਾਨੀ ਸੈਨਾ ਦੇ ਘੱਟੋ ਘੱਟ ਅੱਠ ਜਵਾਨ ਮਾਰੇ ਜਦਕਿ ਫੌਜ ਦੀ ਜਵਾਬੀ ਕਾਰਵਾਈ ’ਚ 10 ਅਤਿਵਾਦੀ ਵੀ ਹਲਾਕ ਹੋ ਗਏ। ਫੌਜ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਬੀਤੇ ਦਿਨ 10 ਅਤਿਵਾਦੀਆਂ ਦੇ ਇੱਕ ਸਮੂਹ ਨੇ ਬੰਨੂ ਛਾਉਣੀ ’ਤੇ ਹਮਲਾ ਕੀਤਾ ਪਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ’ਚ ਸਾਰੇ ਅਤਿਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਨਾਕਾਮ ਹੋਣ ’ਤੇ ਅਤਿਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਵਾਹਨ ਛਾਉਣੀ ਦੀ ਇੱਕ ਕੰਧ ਵਿੱਚ ਮਾਰ ਦਿੱਤਾ ਜਿਸ ਕਾਰਨ ਕੰਧ ਦਾ ਇੱਕ ਹਿੱਸਾ ਢਹਿ ਗਿਆ ਤੇ ਨੇੜਲੇ ਹੋਰ ਢਾਂਚਿਆਂ ਨੂੰ ਨੁਕਸਾਨ ਪੁੱਜਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸੈਨਾ ਦੇ ਅੱਠ ਜਵਾਨ ਮਾਰੇ ਗਏ ਹਨ ਅਤੇ ਫੌਜ ਵੱਲੋਂ ਮੁਸਤੈਦੀ ਨਾਲ ਕੀਤੀ ਗਈ ਕਾਰਵਾਈ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਤੇ ਕਈ ਬੇਕਸੂਰ ਜਾਨਾਂ ਬਚ ਗਈਆਂ। ਉਨ੍ਹਾਂ ਦੱਸਿਆ ਕਿ ਇਹ ਹਮਲਾ ਹਾਫਿਜ਼ ਗੁਲ ਬਹਾਦੁਰ ਗਰੁੱਪ ਵੱਲੋਂ ਕੀਤਾ ਗਿਆ ਹੈ ਜੋ ਅਫਗ਼ਾਨਿਸਤਾਨੀ ਸਰਜ਼ਮੀਨ ਤੋ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਕੋਲ ਇਹ ਮਸਲਾ ਉਠਾਉਂਦਾ ਰਿਹਾ ਹੈ। -ਪੀਟੀਆਈ