ਪਾਕਿਸਤਾਨ: ਦੋ ਬੱਸ ਹਾਦਸਿਆਂ ’ਚ 11 ਸ਼ਰਧਾਲੂਆਂ ਸਣੇ 40 ਹਲਾਕ
ਇਸਲਾਮਾਬਾਦ/ਕਰਾਚੀ, 25 ਅਗਸਤ
ਪਾਕਿਸਤਾਨ ਵਿੱਚ ਦੋ ਵੱਖੋ-ਵੱਖਰੇ ਬੱਸ ਹਾਦਸਿਆਂ ’ਚ 11 ਸ਼ੀਆ ਅਕੀਦਤਮੰਦਾਂ ਸਣੇ ਘੱਟੋ-ਘੱਟ 40 ਵਿਅਕਤੀ ਹਲਾਕ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਬਲੋਚਿਸਤਾਨ ਸੂੁਬੇ ਦੇ ਮਕਰਾਨ ਸਾਹਿਲੀ ਸ਼ਾਹਰਾਹ ’ਤੇ ਹੋਇਆ, ਜਿੱਥੇ ਇਰਾਨ ਤੋਂ ਪੰਜਾਬ ਸੂਬੇ ਨੂੰ ਜਾ ਰਹੀ ਬੱਸ ਬੇਕਾਬੂ ਹੋ ਕੇ ਸ਼ਾਹਰਾਹ ਤੋਂ ਲੱਥ ਗਈ। ਬੱਸ ਵਿਚ 70 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਬਹੁਗਿਣਤੀ ਸ਼ੀਆ ਅਕੀਦਤਮੰਦਾਂ ਦੀ ਸੀ।
ਪੁਲੀਸ ਦੇ ਸੂਤਰਾਂ ਮੁਤਾਬਕ ਕਰਾਚੀ ਤੋਂ ਲਗਪਗ 100 ਕਿਲੋਮੀਟਰ ਦੂਰ ਵਾਪਰੇ ਇਸ ਹਾਦਸੇ ’ਚ ਘੱਟੋ-ਘੱਟ 11 ਵਿਅਕਤੀ ਮਾਰੇ ਗਏ ਜਦਕਿ 35 ਵਿਅਕਤੀ ਜ਼ਖ਼ਮੀ ਹੋਏ ਹਨ। ਬਹੁਤੇ ਯਾਤਰੀ ਲਾਹੌਰ ਜਾਂ ਗੁੱਜਰਾਂਵਾਲਾ ਨਾਲ ਸਬੰਧਤ ਸਨ। ਮਕਰਾਨ ਸਾਹਿਲੀ ਸ਼ਾਹਰਾਹ 653 ਕਿਲੋਮੀਟਰ ਲੰਮਾ ਕੌਮੀ ਸ਼ਾਹਰਾਹ ਹੈ, ਜੋ ਸਿੰਧ ਸੂਬੇ ਵਿਚ ਕਰਾਚੀ ਤੋਂ ਅੱਗੇ ਬਲੋਚਿਸਤਾਨ ਦੇ ਗਵਾਦਰ ਨੂੰ ਜਾਂਦਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਇਹ ਹਾਦਸਾ ਡਰਾਈਵਰ ਹੱਥੋਂ ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ। ਲਸਬੇਲਾ ਦੇ ਐੱਸਐੱਸਪੀ ਕੈਪਟਨ ਨਵੀਦ ਆਲਮ ਨੇ ਕਿਹਾ ਕਿ ਇਹ ਬੱਸ ਇਰਾਨ ਤੋਂ ਅਕੀਦਤਮੰਦਾਂ ਨੂੰ ਲੈ ਕੇ ਪੰਜਾਬ ਆ ਰਹੀ ਸੀ ਕਿ ਬੱਜ਼ੀ ਟੌਪ ਨੇੜੇ ਇਹ ਡਰਾਈਵਰ ਹੱਥੋਂ ਬੇਕਾਬੂ ਹੋਣ ਕਾਰਨ ਖੱਡ ’ਚ ਡਿੱਗ ਪਈ।
ਦੂਜਾ ਹਾਦਸਾ ਮਕਬੂਜ਼ਾ ਕਸ਼ਮੀਰ ਵਿੱਚ ਵਾਪਰਿਆ, ਜਿੱਥੇ ਬੱਸ ਦੇ ਖੱਡ ’ਚ ਡਿੱਗਣ ਨਾਲ 29 ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਵਿੱਚ ਕੁੱਲ 30 ਵਿਅਕਤੀ ਸਵਾਰ ਸਨ। ਈਦੀ ਫਾਊਂਡੇਸ਼ਨ ਦੇ ਕਾਮਰ ਨਦੀਮ ਨੇ ਕਿਹਾ ਕਿ ਹੁਣ ਤੱਕ 29 ਮੌਤਾਂ ਦੀ ਪੁਸ਼ਟੀ ਹੋਈ ਹੈ ਤੇ 3 ਜ਼ਖ਼ਮੀ ਹਨ। ਬੱਸ ਦੀਆਂ ਬਰੇਕਾਂ ਫੇੇਲ੍ਹ ਹੋਣ ਕਾਰਨ ਇਹ ਹਾਦਸਾ ਲਾਹੌਰ ਤੋਂ ਲਗਪਗ 400 ਕਿਲੋਮੀਟਰ ਦੂਰ ਕਹੂਤਾ ’ਚ ਗਿਰਾਰੀ ਪੁਲ ’ਤੇ ਵਾਪਰਿਆ। ਰੈਸਕਿਊ 1122 ਮੁਤਾਬਕ ਮ੍ਰਿਤਕਾਂ ’ਚ ਇੱਕ ਬੱਚਾ, 23 ਪੁਰਸ਼ ਤੇ ਪੰਜ ਔਰਤਾਂ ਸ਼ਾਮਲ ਹਨ। ਕੁਝ ਲੋਕਾਂ ਦੀਆਂ ਲਾਸ਼ਾਂ ਬੱਸ ਦੀ ਬਾਡੀ ਨੂੰ ਕੱਟ ਕੇ ਬਾਹਰ ਕੱਢੀਆਂ ਗਈਆਂ। ਸਾਧਾਨੋਟੀ ਦੇ ਡਿਪਟੀ ਕਮਿਸ਼ਨਰ ਉਮਰ ਫਾਰੂਕ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਸਾਧਾਨੋਟੀ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਵਜ਼ੀਰ-ਏ-ਆਜ਼ਮ ਸ਼ਹਿਬਾਜ਼ ਸ਼ਰੀਫ਼, ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪੰਜਾਬ ਦੀ ਵਜ਼ੀਰੇ-ਆਲ੍ਹਾ ਮਰੀਅਮ ਨਵਾਜ਼ ਨੇ ਹਾਦਸਿਆਂ ’ਚ ਮੌਤਾਂ ’ਤੇ ਦੁੱਖ ਪ੍ਰਗਟਾਉਂਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ