ਪਾਕਿ: ਖੈ਼ਬਰ ਪਖ਼ਤੂਨਖਵਾ ਸੂਬੇ ’ਚ ਹਿੰਸਾ ਦੌਰਾਨ 37 ਮੌਤਾਂ
ਪਿਸ਼ਾਵਰ, 23 ਨਵੰਬਰ
ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜ ਵਾਲੇ ਖੈ਼ਬਰ ਪਖ਼ਤੂਨਖਵਾ ਸੂਬੇ ਵਿੱਚ ਫ਼ਿਰਕੂ ਹਿੰਸਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 37 ਮੌਤਾਂ ਹੋ ਗਈਆਂ, ਜਦੋਂਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕੁਰੱਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਯਾਤਰੀ ਵੈਨ ’ਤੇ ਹੋਏ ਹਮਲੇ ਮਗਰੋਂ ਅਲੀਜ਼ਈ ਅਤੇ ਬਾਗਨ ਕਬਾਇਲੀਆਂ ਦਰਮਿਆਨ ਹਿੰਸਾ ਭੜਕ ਗਈ। ਪਾਰਾਚਿਨਾਰ ਵਿੱਚ ਯਾਤਰੀ ਵੈਨ ’ਤੇ ਹੋਏ ਹਮਲੇ ਵਿੱਚ 47 ਜਣੇ ਮਾਰੇ ਗਏ ਸਨ। ਬਲਿਸ਼ਖੇਲ, ਖਾਰ ਕਾਲੀ, ਕੁੰਜ ਅਲੀਜ਼ਈ ਅਤੇ ਮਕਬਲ ਵਿੱਚ ਵੀ ਗੋਲੀਬਾਰੀ ਜਾਰੀ ਹੈ।
ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਦਿਆਂ ਕਬਾਇਲੀ ਫ਼ਿਰਕਿਆਂ ਦੇ ਲੋਕ ਇੱਕ-ਦੂਸਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ਹਿੰਸਾ ਵਿੱਚ ਹੁਣ ਤੱਕ 37 ਜਾਨਾਂ ਜਾ ਚੁੱਕੀਆਂ ਹਨ ਅਤੇ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਹੈਲੀਕਾਪਟਰ ਰਾਹੀਂ ਇਲਾਕੇ ਵਿੱਚ ਪਹੁੰਚ ਗਏ ਹਨ।
ਇੱਕ ਅਧਿਕਾਰੀ ਨੇ ਇੱਥੇ ਮੀਡੀਆ ਨੂੰ ਦੱਸਿਆ, ‘‘ਹੁਣ ਤੱਕ ਘੱਟੋ ਘੱਟ 37 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ।’’ ਉਨ੍ਹਾਂ ਕਿਹਾ ਕਿ 30 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ ਹਨ। ਹਿੰਸਾ ਦੌਰਾਨ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਮਗਰੋਂ ਵੱਖ-ਵੱਖ ਪਿੰਡਾਂ ਤੋਂ ਲੋਕ ਸੁਰੱਖਿਅਤ ਟਿਕਾਣਿਆਂ ’ਤੇ ਚਲੇ ਗਏ ਹਨ। ਹਾਲਾਤ ਵਿਗੜਦੇ ਦੇਖ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਸ਼ਨਿਚਰਵਾਰ ਲਈ ਬੰਦ ਕਰ ਦਿੱਤੀਆਂ ਗਈਆਂ ਜਿਸ ਦੀ ਪੁਸ਼ਟੀ ‘ਪ੍ਰਾਈਵੇਟ ਐਜ਼ੂਕੇਸ਼ਨ ਨੈੱਟਵਰਕ’ ਦੇ ਪ੍ਰਧਾਨ ਮੁਹੰਮਦ ਹਯਾਤ ਹਸਨ ਨੇ ਕੀਤੀ ਹੈ। ਵੀਰਵਾਰ ਨੂੰ ਬਾਗਨ, ਮੰਦੁਰੀ ਅਤੇ ਓਛਾਟ ਵਿੱਚ 50 ਤੋਂ ਵੱਧ ਵਾਹਨਾਂ ’ਤੇ ਗੋਲੀਬਾਰੀ ਕੀਤੀ ਗਈ। -ਪੀਟੀਆਈ