ਪਾਕਿਸਤਾਨ: ਕੋਲੇ ਦੀਆਂ ਖਾਣਾਂ ’ਤੇ ਹੋਏ ਹਮਲੇ ਵਿੱਚ 20 ਹਲਾਕ
ਕਰਾਚੀ, 11 ਅਕਤੂਬਰ
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਵੱਲੋਂ ਕੋਲੇ ਦੀਆਂ ਖਾਣਾਂ ’ਤੇ ਸ਼ੁੱਕਰਵਾਰ ਤੜਕਸਾਰ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਘੱਟੋ-ਘੱਟ 20 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਦੁਨੀਆ ਨਿਊਜ਼ ਨੇ ਦੱਸਿਆ ਕਿ ਇਹ ਘਟਨਾ ਸੂਬੇ ਦੇ ਡੱਕੀ ਖੇਤਰ ਵਿੱਚ ਵਾਪਰੀ ਹੈ ਅਤੇ ਇਹ ਹਮਲਾ ਪਾਕਿਸਤਾਨ ਵਿੱਚ ਹਿੰਸਾ ਦੀ ਇੱਕ ਲੜੀ ਵਿੱਚ ਤਾਜ਼ਾ ਘਟਨਾ ਹੈ।
ਜ਼ਿਲ੍ਹਾ ਚੇਅਰਮੈਨ ਡੱਕੀ ਹਾਜੀ ਖੈਰ ਉੱਲਾ ਨਾਸਿਰ ਅਨੁਸਾਰ ਹਮਲਾਵਰਾਂ ਨੇ ਹਮਲੇ ਵਿੱਚ ਹੈਂਡ ਗ੍ਰਨੇਡ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਕੋਲੇ ਦੀਆਂ ਦਸ ਖਾਣਾਂ ਹਨ। ਨਾਸਿਰ ਨੇ ਦੱਸਿਆ ਕਿ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਮਾਈਨਿੰਗ ਮਸ਼ੀਨਰੀ ਨੂੰ ਵੀ ਅੱਗ ਲਗਾ ਦਿੱਤੀ ਅਤੇ ਇਸ ਦੌਰਾਨ ਘੱਟੋ-ਘੱਟ 20 ਮਾਈਨਰ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ।
ਐਸਐਚਓ ਡੱਕੀ ਹਮਾਨਿਆਨ ਖਾਨ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਵੱਖ-ਵੱਖ ਗਰੁੱਪਾਂ ਵਿੱਚ ਮਾਈਨਰਾਂ ਨੂੰ ਇਕੱਠਾ ਕੀਤਾ ਅਤੇ ਫਿਰ ਉਨ੍ਹਾਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਪੁਲੀਸ ਅਤੇ ਐਫਸੀ ਦੀ ਭਾਰੀ ਟੁਕੜੀ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ