ਪਾਕਿਸਤਾਨ: ਤਿੰਨ ਹਿੰਦੂ ਨੌਜਵਾਨਾਂ ਸਮੇਤ 19 ਅਗਵਾ
ਲਾਹੌਰ/ਪਿਸ਼ਾਵਰ, 9 ਜਨਵਰੀ
ਪਾਕਿਸਤਾਨ ਦੇ ਪੰਜਾਬ ਸੂਬੇ ਤੇ ਖੈਬਰ ਪਖ਼ਤੂਨਖਵਾ ’ਚ ਤਿੰਨ ਹਿੰਦੂ ਨੌਜਵਾਨਾਂ ਸਮੇਤ 19 ਜਣਿਆਂ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਕੀਤੇ ਵਿਅਕਤੀਆਂ ਵਿੱਚ 16 ਮਜ਼ਦੂਰ ਵੀ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੌਂਗ ਖੇਤਰ ’ਚੋਂ ਤਿੰਨ ਹਿੰਦੂ ਨੌਜਵਾਨ ਅਗਵਾ ਕੀਤੇ ਗਏ ਹਨ। ਪੁਲੀਸ ਅਨੁਸਾਰ, ‘ਜਦੋਂ ਤਿੰਨ ਹਿੰਦੂ ਨੌਜਵਾਨ (ਸ਼ਮਨ, ਸ਼ਮੀਰ ਤੇ ਸਾਜਨ) ਭੌਂਗ ’ਚ ‘ਚੌਕ ਸਵੇਤਰਾ ਬੇਸਿਕ ਹੈਲਥ ਯੂਨਿਟ’ ਨੇੜੇ ਮੌਜੂਦ ਸਨ ਤਾਂ ਪੰਜ ਹਥਿਆਰਬੰਦ ਡਕੈਤ ਉਨ੍ਹਾਂ ਨੂੰ ਅਗਵਾ ਕਰਕੇ ਕੱਚਾ (ਨਦੀ ਖੇਤਰ) ਖੇਤਰ ਵੱਲ ਲੈ ਗਏ।’ ਬਾਅਦ ਵਿੱਚ ਇਨ੍ਹਾਂ ਡਕੈਤਾਂ ਦੇ ਸਰਗਣਾ ਆਸ਼ਿਕ ਕੋਰਾਈ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਅਹਿਮਦਪੁਰ ਲਾਮਾ ਥਾਣੇ ਦੇ ਪੁਲੀਸ ਅਧਿਕਾਰੀ ਰਾਣਾ ਰਮਜ਼ਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਕੋਰਾਈ ਪਰਿਵਾਰ ਦੇ ਦਸ ਮੈਂਬਰ ਰਿਹਾਅ ਕਰ ਦੇਣ ਨਹੀਂ ਤਾਂ ਉਹ ਨਾ ਸਿਰਫ਼ ਅਗਵਾ ਕੀਤੇ ਹਿੰਦੂ ਨੌਜਵਾਨਾਂ ਦੀ ਹੱਤਿਆ ਕਰ ਦੇਣਗੇ ਬਲਕਿ ਪੁਲੀਸ ’ਤੇ ਵੀ ਹਮਲਾ ਕਰਨਗੇ। ਇਸੇ ਤਰ੍ਹਾਂ ਖੈਬਰ ਪਖਤੂਨਖਵਾ ਸੂਬੇ ’ਚ ਅੱਜ ਹਥਿਆਰਬੰਦ ਲੋਕਾਂ ਨੇ ਘੱਟੋ ਘੱਟ 16 ਮਜ਼ਦੂਰਾਂ ਨੂੰ ਅਗਵਾ ਕਰ ਲਿਆ। ਇਹ ਮਜ਼ਦੂਰ ਸਰਕਾਰੀ ਇਮਾਰਤ ਦੀ ਉਸਾਰੀ ’ਚ ਲੱਗੇ ਹੋਏ ਸਨ ਅਤੇ ਉਨ੍ਹਾਂ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਹ ਇੱਕ ਵਾਹਨ ਰਾਹੀਂ ਉਸਾਰੀ ਵਾਲੀ ਥਾਂ ’ਤੇ ਜਾ ਰਹੇ ਸਨ। ਬਾਅਦ ਵਿੱਚ ਅਗਵਾਕਾਰਾਂ ਨੇ ਕਬਾਲ ਖੇਤਰ ’ਚ ਵਾਹਨ ਸਾੜ ਦਿੱਤਾ। ਕਿਸੇ ਵੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਪੀਟੀਆਈ
ਚੌਕੀ ਨੇੜੇ 25 ਕਿਲੋ ਦਾ ਬੰਬ ਨਕਾਰਾ ਕੀਤਾ
ਪਿਸ਼ਾਵਰ:
ਬੰਬ ਨਕਾਰਾ ਕਰਨ ਵਾਲੀ ਇਕਾਈ ਨੇ ਖੈਬਰ ਪਖਤੂਨਖਵਾ ਦੇ ਟੈਂਕ ਜ਼ਿਲ੍ਹੇ ’ਚ ਮਹਿਬੂਬ ਜ਼ਿਆਰਤ ਜਾਂਚ ਚੌਕੀ ਨੇੜੇ ਰੱਖਿਆ 25 ਕਿਲੋਗ੍ਰਾਮ ਦਾ ਬੰਬ ਨਕਾਰਾ ਕਰ ਦਿੱਤਾ ਹੈ। ਸਥਾਨਕ ਪੁਲੀਸ ਨੇ ਦੱਸਿਆ ਕਿ ਬੰਬ ਉਸ ਮਾਰਗ ’ਤੇ ਲਾਇਆ ਗਿਆ ਸੀ ਜਿੱਥੋਂ ਸੁਰੱਖਿਆ ਬਲਾਂ ਦਾ ਕਾਫਲਾ ਲੰਘਣ ਵਾਲਾ ਸੀ। -ਪੀਟੀਆਈ