ਪੱਖੋਕੇ ਸੁਸਾਇਟੀ ਘਪਲਾ: ਡੀਸੀ ਦਫ਼ਤਰ ’ਚ ਡਟੇ ਧਰਨਾਕਾਰੀ ਕਿਸਾਨ ਸ਼ਨਿਚਰਵਾਰ ਨੂੰ ਘੇਰਨਗੇ ਮੀਤ ਹੇਅਰ ਦੀ ਰਿਹਾਇਸ਼
ਪਰਸ਼ੋਤਮ ਬੱਲੀ
ਬਰਨਾਲਾ, 8 ਸਤੰਬਰ
ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਹਿਕਾਰੀ ਸੁਸਾਇਟੀ 'ਚ ਹੋਏ ਕਥਿਤ ਕਰੋੜਾਂ ਦੇ ਗਬ਼ਨ ਦੇ ਪੀੜਤ ਮਾਮਲੇ ਦੀ ਨਿਰਪੱਖ ਜਾਂਚ, ਦੋਸ਼ੀਆਂ ਵਿਰੁੱਧ ਕਾਰਵਾਈ ਤੇ ਪੀੜਤਾਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਇੱਥੇ ਡੀਸੀ ਦਫ਼ਤਰ ਵਿਖੇ ਬੀਕੇਯੂ ਏਕਤਾ ਉਗਰਾਹਾਂ ਤੇ ਕਾਦੀਆ ਦੀ ਅਗਵਾਈ ਹੇਠ 23ਵੇਂ ਦਿਨ ਵੀ ਡਟੇ ਰਹੇ।
ਧਰਨੇ ਵਿੱਚ ਜਸਵੀਰ ਸਿੰਘ ਸੁਖਪੁਰਾ ਤੇ ਰਾਜਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਕੀਤੇ ਕਥਿਤ ਕਰੋੜਾਂ ਰੁਪਏ ਦੀ ਘਪਲੇ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ। ਪੱਕੇ ਮੋਰਚੇ ਦੇ 23 ਦਿਨ ਲੰਘਣ ਦੇ ਬਾਵਜੂਦ ਕਿਸੇ ਵੱਲੋਂ ਵੀ ਇਸ ਮਾਮਲੇ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਤਿੱਖੇ ਹੋ ਰਹੇ ਰੋਸ ਵਜੋਂ ਬੀਕੇਯੂ ਉਗਰਾਹਾਂ ਅਤੇ ਕਾਦੀਆਂ ਵੱਲੋਂ ਭਲਕੇ 9 ਸਤੰਬਰ ਵੱਡਾ ਇੱਕਠ ਕਰਕੇ ਸਹਿਕਾਰਤਾਂ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੁਮਾਇਦਿਆਂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਕਚਹਿਰੀ ਚੌਕ ਨੇੜਲੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਜੇਕਰ ਫਿ਼ਰ ਵੀ ਜਲਦ ਹੀ ਇਨਸਾਫ਼ ਨਾ ਮਿਲਿਆ ਤਾਂ ਆਉਂਦੇ ਦਿਨਾਂ `ਚ ਜਥੇਬੰਦੀਆਂ ਅਣਮਿਥੇ ਸਮੇਂ ਲਈ ਘਿਰਾਓ ਆਰੰਭ ਦੇਵੇਗੀ। ਇਸ ਮੌਕੇ ਹਰਬੰਸ ਸਿੰਘ, ਬਿੰਦਰ ਸਿੰਘ, ਭਜਨ ਖਾਨ, ਛੋਟਾ ਰਾਮ, ਰਾਜ ਕੁਮਾਰ, ਗੁਰਚਰਨ ਸਿੰਘ, ਗੁਰਮੀਤ ਕੌਰ, ਹਰਬੰਸ ਕੌਰ ਤੇ ਅਮਰਜੀਤ ਕੌਰ ਹਾਜ਼ਰ ਸਨ।