ਪੱਖੋਕੇ ਸੁਸਾਇਟੀ ਘਪਲਾ: ਕੈਬਨਿਟ ਮੰਤਰੀ ਮੀਤ ਹੇਅਰ ਦੇ ਬਰਨਾਲਾ ਦਫ਼ਤਰ ਦਾ ਘਿਰਾਓ
ਪਰਸ਼ੋਤਮ ਬੱਲੀ
ਬਰਨਾਲਾ, 9 ਸਤੰਬਰ
ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਸਹਿਕਾਰੀ ਖੇਤੀਬਾੜੀ ਸੁਸਾਇਟੀ ’ਚ ਕਥਿਤ ਘਪਲੇ ਖ਼ਿਲਾਫ਼ ਸੰਘਰਸ਼ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀਆਂ ਬਰੂਹਾਂ 'ਤੇ ਪੁੱਜ ਗਿਆ। ਇਸ ਮਾਮਲੇ ਸਬੰਧੀ ਜਾਂਚ ਉਪਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਤੇ ਮੈਂਬਰ ਕਿਸਾਨਾਂ ਦੀਆਂ ਕੁਰਕ ਕੀਤੀਆਂ ਜ਼ਮੀਨਾਂ ਛੁਡਵਾਉਣ ਦੀ ਮੰਗ ਨੂੰ ਲੈ ਕੇ 24 ਦਿਨਾਂ ਤੋਂ ਬੀਕੇਯੂ ਏਕਤਾ ਉਗਰਾਹਾਂ ਤੇ ਕਾਦੀਆ ਦੀ ਅਗਵਾਈ 'ਚ ਡੀਸੀ ਦਫ਼ਤਰ ਅੱਗੇ ਧਰਨਾ ਦੇ ਰਹੇ ਹਨ। ਸੁਣਵਾਈ ਨਾ ਹੋਣ 'ਤੇ ਅਖੀਰ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸਥਾਨਕ ਦਫਤਰ ਦਾ ਕੀਤਾ ਘਿਰਾਓ ਕੀਤਾ। ਘਿਰਾਓ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਸ਼ਹਿਣਾ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ ਤੇ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲ੍ਹੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਕਥਿਤ ਕਰੋੜਾਂ ਦੇ ਗਬਨ ਖ਼ਿਲਾਫ਼ ਜਨਤਕ ਰੋਸ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ। ਬੁਲਾਰਿਆਂ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਅਤੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੀੜਿਤ ਸੁਸਾਇਟੀ ਮੈਂਬਰ ਕਿਸਾਨਾਂ ਨੂੰ ਫੌਰੀ ਇਨਸਾਫ਼ ਨਾ ਦਿੱਤਾ ਗਿਆ ਤਾਂ ਬੀਕੇਯੂ ਏਕਤਾ ਉਗਰਾਹਾਂ ਅਤੇ ਬੀਕੇਯੂ ਕਾਦੀਆਂ ਵੱਲੋਂ ਸਾਝੇ ਤੌਰ 'ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਕਾਦੀਆਂ ਜਸਵੀਰ ਸਿੰਘ ਤੇ ਭਿੰਦਾ ਘਟੌੜਾ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਗੁਰਚਰਨ ਸਿੰਘ ਭਦੌੜ, ਨਿਰਪਜੀਤ ਸਿੰਘ,ਦਰਸ਼ਨ ਸਿੰਘ ਚੀਮਾ,ਕਮਲਜਤੀ ਕੌਰ ਬਰਨਾਲਾ, ਸੰਦੀਪ ਕੌਰ ਪੱਤੀ, ਬਿੰਦਰਪਾਲ ਕੌਰ ਭਦੌੜ ਤੋਂ ਇਲਾਵਾ ਦੋਵਾਂ ਪਿੰਡਾਂ ਦੇ ਭਰਵੀਂ ਗਿਣਤੀ ਪੀੜਤ ਮੈਬਰ ਹਾਜ਼ਰ ਸਨ।