ਜਸਬੀਰ ਸਿੰਘ ਸੱਗੂਅੰਮ੍ਰਿਤਸਰ, 10 ਮਾਰਚਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵੱਲੋਂ ਅੰਮ੍ਰਿਤਸਰ ਦੀਆਂ ਮਹਿਲਾ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਮਹਿਲਾ ਦਿਵਸ ਦੇ ਸਬੰਧ ’ਚ ਅੱਜ ਆਰਟ ਗੈਲਰੀ ਵਿੱਚ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ 12 ਮਾਰਚ ਤੱਕ ਚੱਲੇਗੀ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਪੰਜਾਬ ਦੀਆਂ ਇਸਤਰੀ ਕਲਾਕਾਰਾਂ ਵਲੋਂ ਲਗਾਈ ਜਾ ਰਹੀ ਹੈ। ਇਸ ਵਿੱਚ 50 ਮਹਿਲਾ ਕਲਾਕਾਰਾਂ ਵਲੋਂ 50 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਲੰਬੇ ਸਮੇਂ ਤੋਂ ਕਲਾ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਬਲਵਿੰਦਰ ਗਰੋਵਰ ਦਾ ਸਵਾਗਤ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਪ੍ਰਦਰਸ਼ਨੀ ਦਾ ਉਦਘਾਟਨ ਸ੍ਰੀਮਤੀ ਬਲਵਿੰਦਰ ਗਰੋਵਰ ਨੇ ਕੀਤਾ। ਮੁੱਖ ਮਹਿਮਾਨ ਨੇ ਪ੍ਰਦਰਸ਼ਨੀ ਦਾ ਆਨੰਦ ਮਾਣਿਆ ਅਤੇ ਕਲਾਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦੇ ਕਨਵੀਨਰ ਮਿਸ. ਰਵਿੰਦਰ ਢਿੱਲੋਂ ਸਨ। ਆਰਟ ਗੈਲਰੀ ਦੇ ਫਾਇਨਾਂਸ ਸੈਕਟਰੀ ਸੰਦੀਪ ਸਿੰਘ ਤੋਂ ਇਲਾਵਾ ਸੁਖਪਾਲ ਸਿੰਘ, ਸ਼ੁਭਾਸ਼ ਚੰਦਰ, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਨਰਿੰਦਰਜੀਤ ਸਿੰਘ ਆਰਟੀਟੈਕਟ, ਆਰਟ ਗੈਲਰੀ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਸਨ।