ਪੇਂਟਿੰਗ ਮੁਕਾਬਲੇ ਦੇ ਜੇਤੂਆਂ ਦਾ ਸਾਈਕਲਾਂ ਨਾਲ ਸਨਮਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਨਵੰਬਰ
ਪੁਲੀਸ ਕਮਿਸ਼ਨਰੇਟ ਲੁਧਿਆਣਾ ਅਤੇ ਰਾਊਂਡ ਟੇਬਲ ਇੰਡੀਆ ਵੱਲੋਂ ‘ਤਾਰੇ ਜ਼ਮੀਨ ਪਰ-ਨਸ਼ਿਆਂ ਦੇ ਖ਼ਿਲਾਫ਼ ਨੌਜਵਾਨ’ ਪੇਂਟਿੰਗ ਮੁਕਾਬਲੇ ਕਰਵਾਏ ਗਏ ਸਨ। ਇਸ ਪੇਂਟਿੰਗ ਮੁਕਾਬਲੇ ਵਿੱਚੋਂ ਜੇਤੂ ਰਹੇ 25 ਸਕੂਲਾਂ ਦੇ ਵਿਦਿਆਰਥੀਆਂ ਨੂੰ ਬੀਤੇ ਦਿਨ ਇਨਾਮ ਵਜੋਂ ਸਾਈਕਲ ਦਿੱਤੇ ਗਏ ਹਨ, ਜਦੋਂਕਿ ਉਪ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ 16 ਨਵੰਬਰ ਨੂੰ ਨਸ਼ਿਆਂ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਵਿੱਚ ਇਨ੍ਹਾਂ ਪੇਂਟਿੰਗਾਂ ਦੀ ਵਰਤੋਂ ਕੀਤੀ ਜਾਵੇਗੀ। ਡੀਈਓ ਸੈਕੰਡਰੀ ਡਿੰਪਲ ਮਦਾਨ ਅਤੇ ਡਿਪਟੀ ਡੀਈਓ ਜਸਵਿੰਦਰ ਸਿੰਘ ਵਿਰਕ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪ੍ਰਿੰ. ਡਾ. ਦਵਿੰਦਰ ਸਿੰਘ ਛੀਨਾ ਨੇ ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਨਸ਼ਿਆਂ ਵਿਰੁੱਧ ਠੱਲ੍ਹ ਪਾਉਣ ਅਤੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪ੍ਰਮਾਣਿਕ ਢੰਗ ਕਰਾਰ ਦਿੱਤਾ।