ਪਰਵਾਸ ਦੀਆਂ ਦਰਦ ਕਹਾਣੀਆਂ
ਡਾ. ਇਕਬਾਲ ਸਿੰਘ ਸਕਰੌਦੀ
ਪੁਸਤਕ ‘ਹੱਥਾਂ ’ਚੋਂ ਕਿਰਦੀ ਰੇਤ’ (ਕੀਮਤ: 230 ਰੁਪਏ; ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਪਰਵਾਸੀ ਪੰਜਾਬੀ ਲੇਖਕ ਰਵਿੰਦਰ ਸਿੰਘ ਸੋਢੀ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ ਉਸ ਨੇ ਮੈਨੂੰ ਫੋਨ ਕਰ ਲਈਂ, ਇੱਕ ਲੰਬਾ ਹਉਕਾ, ਆਪਣਾ-ਆਪਣਾ ਦਰਦ, ਉਫ਼! ਉਹ ਤੱਕਣੀ, ਹੱਥਾਂ ’ਚੋਂ ਕਿਰਦੀ ਰੇਤ, ਤੂੰ ਆਪਣੇ ਵੱਲ ਦੇਖ, ਹਾਏ ਵਿਚਾਰੇ ਬਾਬਾ ਜੀ, ਉਹ ਕਿਉਂ ਆਏ ਸੀ?, ਮੁਸ਼ਤਾਕ ਅੰਕਲ ਦਾ ਦਰਦ, ਉਹ ਖ਼ਾਸ ਦਿਨ, ਆਪਣੇ ਘਰ ਦੀ ਖ਼ੁਸ਼ਬੂ, ਡਾਕਟਰ ਕੋਲ ਨਹੀਂ ਜਾਣਾ, ਹਟਕੋਰੇ ਲੈਂਦੀ ਜ਼ਿੰਦਗੀ ਅਤੇ ਮੁਰਦਾ ਖ਼ਰਾਬ ਨਾ ਕਰੋ, ਚੌਦਾਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਇਸ ਤੋਂ ਪਹਿਲਾਂ ਲੇਖਕ ਆਪਣੇ ਸਮੇਤ ਸੱਤ ਪਰਵਾਸੀ ਕਹਾਣੀਕਾਰਾਂ ਦੀ ਇੱਕ-ਇੱਕ ਕਹਾਣੀ ਲੈ ਕੇ ਕਹਾਣੀਆਂ ਦੀ ਪੁਸਤਕ ‘ਹੁੰਗਾਰਾ ਕੌਣ ਭਰੇ’ ਸੰਪਾਦਿਤ ਕਰ ਚੁੱਕਾ ਹੈ।
ਹੱਥਲੇ ਕਹਾਣੀ ਸੰਗ੍ਰਹਿ ਵਿੱਚ ਵਧੇਰੇ ਕਹਾਣੀਆਂ ਪਰਵਾਸੀਆਂ ਦੇ ਜੀਵਨ ਦੇ ਸੰਘਰਸ਼, ਤਣਾਅ, ਪਤੀ ਪਤਨੀ ਦੇ ਰਿਸ਼ਤੇ ਵਿੱਚ ਪੈ ਰਹੀਆਂ ਤਰੇੜਾਂ, ਦੋਵਾਂ ਵੱਲੋਂ ਇੱਕ ਦੂਜੇ ਤੋਂ ਅਸੰਤੁਸ਼ਟ ਰਹਿਣ ਕਾਰਨ ਘਰ ਤੋਂ ਬਾਹਰ ਹੋਰ ਰਿਸ਼ਤਾ ਉਸਾਰਨ ਦੀ ਲੋਚਾ ਨੂੰ ਚਿਤਰਦੀਆਂ ਹਨ। ਕੁਝ ਕਹਾਣੀਆਂ ਪੰਜਾਬੀ ਰਹਿਤਲ ਨਾਲ ਸਬੰਧਿਤ ਹਨ। ਦੋ ਕਹਾਣੀਆਂ ਵਿੱਚ ਪੰਜਾਬੀ ਅਤੇ ਪਰਵਾਸੀ ਦੋਵਾਂ ਧਰਾਤਲਾਂ ਨੂੰ ਚਿਤਰਿਆ ਗਿਆ ਹੈ। ‘ਮੁਸ਼ਤਾਕ ਅੰਕਲ ਦਾ ਦਰਦ’ ਕਹਾਣੀ ਵਿੱਚ ਮੁਸਲਿਮ ਧਰਮ ਦੇ ਸਖ਼ਤ ਕਾਨੂੰਨਾਂ ਦੀ ਪਾਲਣਾ ਹਿੱਤ ਕੁੜੀਆਂ ਅਤੇ ਔਰਤਾਂ ਦੀ ਆਜ਼ਾਦੀ ਅਤੇ ਤਰੱਕੀ ਦੀ ਰੋਕ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਦਰਦ ਨੂੰ ਚੇਤੰਨ ਮੁਸਲਮਾਨ ਪਾਤਰਾਂ ਰਾਹੀਂ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।
‘ਹੱਥਾਂ ’ਚੋਂ ਕਿਰਦੀ ਰੇਤ’ ਇਸ ਕਹਾਣੀ ਸੰਗ੍ਰਹਿ ਦੀ ਪ੍ਰਤੀਨਿਧ ਕਹਾਣੀ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਸ ਗੱਲ ਨੂੰ ਬਹੁਤ ਹੀ ਖ਼ੂਬਸੂਰਤ ਅਤੇ ਸੁਚੱਜੇ ਢੰਗ ਨਾਲ ਚਿੱਤਰਿਆ ਹੈ ਕਿ ਪੰਜਾਬ ਵਿੱਚ ਰਹਿੰਦੇ ਜੋੜੇ ਰੋਜ਼ੀ ਰੋਟੀ ਦੀ ਭਾਲ਼ ਵਿੱਚ ਵਿਦੇਸ਼ੀ ਧਰਤੀ ਉੱਤੇ ਪਹੁੰਚ ਜਾਂਦੇ ਹਨ। ਉਹ ਦਿਨ ਰਾਤ ਸਖ਼ਤ ਮਿਹਨਤ ਕਰਕੇ ਆਪਣਾ ਰਹਿਣ ਸਹਿਣ ਅਤੇ ਜੀਵਨ ਪੱਧਰ ਤਾਂ ਉੱਚਾ ਚੁੱਕਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜਦ ਉਨ੍ਹਾਂ ਦੇ ਧੀ ਪੁੱਤਰ ਵਿਦੇਸ਼ ਵਿੱਚ ਮਿਲੀ ਖੁੱਲ੍ਹ ਨੂੰ ਮਾਣਦੇ ਹਨ, ਤਦ ਪੰਜਾਬੀ ਸੱਭਿਆਚਾਰ ਵਿੱਚ ਜੰਮੇ ਪਲ਼ੇ ਤੇ ਪ੍ਰਵਾਨ ਚੜ੍ਹੇ ਪਤੀ ਪਤਨੀ ਨੂੰ ਆਪਣੇ ਬੱਚਿਆਂ ਦੀਆਂ ਅਜਿਹੀਆਂ ਹਰਕਤਾਂ ਫੁੱਟੀ ਅੱਖ ਨਹੀਂ ਭਾਉਂਦੀਆਂ। ਉਹ ਆਪਣੇ ਪੁੱਤਰ ਵੱਲੋਂ ਵਿਆਹ ਤੋਂ ਪਹਿਲਾਂ ਕਿਸੇ ਗੋਰੀ ਕੁੜੀ ਨਾਲ ਬਣਾਏ ਸਰੀਰਕ ਸਬੰਧਾਂ ਨੂੰ ਤਾਂ ਅਣਮੰਨੇ ਜਿਹੇ ਮਨ ਨਾਲ ਸਵੀਕਾਰ ਕਰ ਲੈਂਦੇ ਹਨ, ਪਰ ਆਪਣੀ ਸਤਾਰਾਂ ਵਰ੍ਹਿਆਂ ਦੀ ਮੁਟਿਆਰ ਧੀ ਦਾ ਵਿਆਹ ਤੋਂ ਪਹਿਲਾਂ ਕਿਸੇ ਨੌਜਵਾਨ ਨਾਲ ਘੁੰਮਣਾ ਫਿਰਨਾ ਵੀ ਪਸੰਦ ਨਹੀਂ ਕਰਦੇ। ਮਾਤਾ ਪਿਤਾ ਵੱਲੋਂ ਪੁੱਤਰ ਅਤੇ ਧੀ ਲਈ ਬਣਾਏ ਗਏ ਇਹ ਵੱਖੋ-ਵੱਖਰੇ ਮਾਪਦੰਡ ਜਿੱਥੇ ਪੁੱਤਰ ਨੂੰ ਮਾਨਸਿਕ ਅਤੇ ਭਾਵਨਾਤਮਕ ਖ਼ੁਸ਼ੀ ਪ੍ਰਦਾਨ ਕਰਦੇ ਹਨ, ਉੱਥੇ ਧੀ ਲਈ ਦੁਖਦਾਇਕ ਅਤੇ ਘੁਟਣ ਦਾ ਕਾਰਨ ਬਣਦੇ ਹਨ।
‘ਹੱਥਾਂ ’ਚੋਂ ਕਿਰਦੀ ਰੇਤ’ ਦੇ ਕਥਾ ਵਸਤੂ ਵਿੱਚ ਗੁਰਨਾਮ ਕੌਰ ਅਤੇ ਨਿਹਾਲ ਸਿੰਘ ਦਾ ਪੁੱਤਰ ਗੁਰੀ ਆਪਣੀ ਅੰਗਰੇਜ਼ ਮਿੱਤਰ ਕੁੜੀ ਨੂੰ ਵਾਰ ਵਾਰ ਆਪਣੇ ਘਰ ਲੈ ਆਉਂਦਾ ਹੈ। ਨਿਹਾਲ ਉਨ੍ਹਾਂ ਦੋਵਾਂ ਨਾਲ ਪੈੱਗ ਵੀ ਲਾਉਂਦਾ ਹੈ। ਗੁਰੀ ਆਪਣੀ ਅੰਗਰੇਜ਼ ਮਿੱਤਰ ਕੁੜੀ ਨੂੰ ਕਲੱਬਾਂ ਅਤੇ ਹੋਟਲਾਂ ਵਿੱਚ ਵੀ ਲੈ ਜਾਂਦਾ ਹੈ। ਪਰ ਜਦੋਂ ਉਨ੍ਹਾਂ ਦੀ ਸਤਾਰਾਂ ਵਰ੍ਹਿਆਂ ਦੀ ਧੀ ਸੈਮੀ ਬੱਸਾਂ ਵਿੱਚ ਵਧੇਰੇ ਭੀੜ ਹੋਣ ਕਾਰਨ ਦਸ ਪੰਦਰਾਂ ਮਿੰਟ ਲੇਟ ਘਰ ਪੁੱਜਦੀ ਹੈ, ਤਦ ਉਸ ਦੀ ਮਾਂ ਉਸ ਉੱਤੇ ਸੁਆਲਾਂ ਦੀ ਬੁਛਾੜ ਕਰ ਦਿੰਦੀ ਹੈ। ਜੁਆਨੀ ਦੀ ਦਹਿਲੀਜ਼ ਉੱਤੇ ਪੈਰ ਧਰ ਚੁੱਕੀ ਧੀ ਨੂੰ ਆਪਣੀ ਮਾਂ ਦੀ ਇਹੋ ਟੋਕਾ-ਟਾਕੀ ਬਿਲਕੁਲ ਪਸੰਦ ਨਹੀਂ ਹੈ। ਨਤੀਜੇ ਵਜੋਂ ਘਰ ਵਿੱਚ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ। ਇੱਕ ਦਿਨ ਨਿਹਾਲ ਬਦਹਵਾਸੀ ਵਿੱਚ ਘਬਰਾਇਆ ਹੋਇਆ ਆਪਣੇ ਕੰਮ ਤੋਂ ਜਲਦੀ ਘਰ ਪੁੱਜ ਜਾਂਦਾ ਹੈ। ਉਹ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਉਸ ਦੇ ਨਾਲ ਹੀ ਟੈਕਸੀ ਚਲਾਉਂਦੇ ਪਾਲੇ ਦੀ ਜੁਆਨ ਕੁਆਰੀ ਧੀ ਨੇ ਆਪਣੇ ਪਿਉ ਨੂੰ ਇਸ ਲਈ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਕਿਉਂਕਿ ਉਸ ਨੇ ਆਪਣੀ ਧੀ ਨੂੰ ਘੂਰਿਆ ਸੀ। ਇਸ ਘਟਨਾ ਤੋਂ ਪਤੀ ਪਤਨੀ ਨੂੰ ਮਹਿਸੂਸ ਹੁੰਦਾ ਹੈ ਕਿ ਇਸ ਵਿਦੇਸ਼ੀ ਧਰਤੀ ਉੱਤੇ ਜੁਆਨੀ ਦੀ ਦਹਿਲੀਜ਼ ਉੱਤੇ ਪੈਰ ਧਰਦੇ ਧੀ ਪੁੱਤ ਉੱਤੇ ਬਹੁਤੀਆਂ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ। ਬੱਚਿਆਂ ਨੂੰ ਬਦਲੇ ਮਾਹੌਲ ਵਿੱਚ ਇੰਨੀ ਕੁ ਖੁੱਲ੍ਹ ਜ਼ਰੂਰ ਦੇ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬਾਗ਼ੀ ਹੋਣ ਦੀ ਨੌਬਤ ਨਾ ਆਵੇ।
ਇਸ ਪ੍ਰਕਾਰ ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਵਿਚਲਾ ਰਸ ਪਾਠਕਾਂ ਨੂੰ ਉਂਗਲ਼ ਲਾਈ ਅੱਗੇ ਤੋਰੀ ਜਾਂਦਾ ਹੈ।
ਸੰਪਰਕ: 84276-85020