Pahalgam terror attack: ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਅਮਿਤ ਸ਼ਾਹ ਵੱਲੋਂ ਸ਼ਰਧਾਂਜਲੀ, ਹਮਲੇ ਦੌਰਾਨ ਬਚੇ ਲੋਕਾਂ ਨਾਲ ਮੁਲਾਕਾਤ
ਸ੍ਰੀਨਗਰ, 23 ਅਪਰੈਲ
Pahalgam terror attack: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ’ਚ ਮਾਰੇ ਗਏ 26 ਵਿਅਕਤੀਆਂ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਬਚੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਸ਼ਾਹ ਨੇ ਇੱਥੇ ਪੁਲੀਸ ਕੰਟਰੋਲ ਰੂਮ ਵਿਖੇ ਅਤਿਵਾਦੀ ਹਮਲੇ ਦੇ ਪੀੜਤਾਂ ਦੇ ਤਾਬੂਤਾਂ ’ਤੇ ਸ਼ਰਧਾਂਜਲੀ ਭੇਟ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਗ੍ਰਹਿ ਮੰਤਰੀ ਨੇ ਪੀੜਤਾਂ ਦੇ ਅਤੇ ਹੋਰ ਬਚੇ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸੁਰੱਖਿਆ ਬਲ ਇਸ ਘਾਤਕ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਨਹੀਂ ਛੱਡਣਗੇ।
ਗ਼ੌਰਤਲਬ ਹੈ ਕਿ ਸ਼ਾਹ ਬੁੱਧਵਾਰ ਰਾਤ ਨੂੰ ਹਮਲੇ ਦੇ ਕੁਝ ਘੰਟਿਆਂ ਦੇ ਬਾਅਦ ਹੀ ਇੱਥੇ ਪਹੁੰਚੇ ਅਤੇ ਪੁਲੀਸ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ। -ਪੀਟੀਆਈ