For the best experience, open
https://m.punjabitribuneonline.com
on your mobile browser.
Advertisement

ਨਾਜ਼ੀ ਵਿਰੋਧ ਦੇ ਪੰਨੇ

06:17 AM Sep 19, 2023 IST
ਨਾਜ਼ੀ ਵਿਰੋਧ ਦੇ ਪੰਨੇ
Advertisement

ਚਾਰ ਸਾਲ ਪਹਿਲਾਂ ਈਸਾਈ ਧਰਮ ਦੇ ਰੋਮਨ ਕੈਥੋਲਿਕ ਫ਼ਿਰਕੇ ਦੇ ਮੁਖੀ ਪੋਪ ਫਰਾਂਸਿਸ ਨੇ ਆਦੇਸ਼ ਦਿੱਤੇ ਸਨ ਕਿ ਉਨ੍ਹਾਂ ਦੇ ਦਫ਼ਤਰ ਦੇ ਦੂਸਰੀ ਆਲਮੀ ਜੰਗ ਬਾਰੇ ਰਿਕਾਰਡ ਦੀ ਤਹਿਕੀਕਾਤ ਕੀਤੀ ਜਾਵੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਪਾਦਰੀ ਲੋਥਰ ਕੋਇੰਗ (Lother Koenig) ਨੇ 18 ਦਸੰਬਰ 1942 ਨੂੰ ਤਤਕਾਲੀਨ ਪੋਪ ਪੀਅਸ ਬਾਰ੍ਹਵੇਂ (Pope Pius XII) ਨੂੰ ਮਹੱਤਵਪੂਰਨ ਪੱਤਰ ਲਿਖਿਆ ਸੀ। ਪੱਤਰ ਵਿਚ ਨਾਜ਼ੀਆਂ ਵੱਲੋਂ ਪੋਲੈਂਡ ਵਿਚ ਯਹੂਦੀਆਂ ਦੀ ਨਸਲਕੁਸ਼ੀ ਦੇ ਹਾਲ ਲਿਖੇ ਗਏ ਸਨ। ਫਾਦਰ ਲੋਥਰ ਕੋਇੰਗ ਰੋਮਨ ਕੈਥੋਲਿਕ ਫ਼ਿਰਕੇ ਦੇ ਜੈਸੂਇਸਟ ਫ਼ਿਰਕੇ ਨਾਲ ਸਬੰਧਿਤ ਪਾਦਰੀ ਸਨ ਜਿਹੜੇ ਜਰਮਨੀ ਵਿਚ ਨਾਜ਼ੀਆਂ ਵਿਰੁੱਧ ਚੱਲ ਰਹੇ ਸੰਗਰਾਮ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਲੋਥਰ ਕੋਇੰਗ ਨੇ ਇਹ ਖ਼ਤ ਪੋਪ ਦੇ ਨਿੱਜੀ ਸਕੱਤਰ ਫਾਦਰ ਰਾਬਰਟ ਲਾਈਬਰ (Robert Leiber) ਨੂੰ ਲਿਖ ਕੇ ਇਹ ਦੱਸਿਆ ਸੀ ਕਿ ਨਾਜ਼ੀ ਬੈਲਜ਼ੈਕ ਕੈਂਪ ਵਿਚ ਲਗਭਗ 6000 ਯਹੂਦੀਆਂ ਨੂੰ ਰੋਜ਼ਾਨਾ ਮਾਰ ਰਹੇ ਹਨ। ਇਹ ਕੈਂਪ ਰਾਵਾ-ਰੁਸਕਾ ਸ਼ਹਿਰ ਦੇ ਨਜ਼ਦੀਕ ਸਥਿਤ ਸੀ; ਉਸ ਸਮੇਂ ਇਹ ਇਲਾਕਾ ਪੋਲੈਂਡ ਵਿਚ ਸੀ ਪਰ ਹੁਣ ਯੂਕਰੇਨ ਵਿਚ ਹੈ। ਇਕ ਅੰਦਾਜ਼ੇ ਅਨੁਸਾਰ ਇਕੱਲੇ ਬੈਲਜ਼ੈਕ ਇਲਾਕੇ ਵਿਚ 4.3 ਲੱਖ ਯਹੂਦੀ ਮਾਰੇ ਗਏ ਸਨ। ਨਾਜ਼ੀਆਂ ਦੁਆਰਾ ਯਹੂਦੀਆਂ ਦੇ ਮਾਰਨ ਦੇ ਅੰਦਾਜ਼ੇ ਵੱਖਰੇ ਵੱਖਰੇ ਹਨ; ਇਕ ਅਨੁਮਾਨ ਅਨੁਸਾਰ 1930ਵਿਆਂ ਤੋਂ ਸ਼ੁਰੂ ਹੋਈ ਇਸ ਨਸਲਕੁਸ਼ੀ ਵਿਚ 60 ਲੱਖ ਤੋਂ ਵੱਧ ਯਹੂਦੀ ਮਾਰੇ ਗਏ ਸਨ।
ਉਪਰੋਕਤ ਪੱਤਰ ਮਿਲਣ ’ਤੇ ਰੋਮਨ ਕੈਥੋਲਿਕ ਫ਼ਿਰਕੇ ਦੇ ਮੁਖੀਆਂ ਦੀ ਇਸ ਦਲੀਲ ’ਤੇ ਸੱਟ ਵੱਜਦੀ ਹੈ ਜਿਸ ਅਨੁਸਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਨੇ ਯਹੂਦੀਆਂ ਦੀ ਇਸ ਭਿਅੰਕਰ ਨਸਲਕੁਸ਼ੀ ਦਾ ਜਨਤਕ ਵਿਰੋਧ ਇਸ ਲਈ ਨਹੀਂ ਸੀ ਕੀਤਾ ਕਿਉਂਕਿ ਉਹ ਇੰਗਲੈਂਡ ਅਤੇ ਪੋਲੈਂਡ ਵਿਚ ਆਪਣੇ ਸਫ਼ੀਰਾਂ ਦੁਆਰਾ ਭੇਜੀ ਗਈ ਜਾਣਕਾਰੀ ਦੀ ਪੜਤਾਲ ਨਹੀਂ ਸੀ ਕਰਾ ਸਕੇ। ਰੋਮ ਵਿਚ ਪੋਪ ਦੇ ਦਫ਼ਤਰ ਦੇ ਰਿਕਾਰਡਾਂ ਬਾਰੇ ਮਾਹਿਰ ਗਿਓਵਿਨੀ ਕੋਕੋ (Giovanni Coco) ਦਾ ਕਹਿਣਾ ਹੈ ਕਿ ਤਤਕਾਲੀਨ ਪੋਪ ਨੇ ਫਾਦਰ ਲੋਥਰ ਕੋਇੰਗ ਦਾ ਖ਼ਤ ਜਾਂ ਤਾਂ ਖ਼ੁਦ ਪੜ੍ਹਿਆ ਜਾਂ ਉਨ੍ਹਾਂ ਦੇ ਨਿੱਜੀ ਸਕੱਤਰ ਨੇ।
ਯੂਰੋਪ ਦੇ ਸਮਾਜ ਤੇ ਸਿਆਸਤ ਵਿਚ ਪੋਪ ਦਾ ਮਹੱਤਵ ਕਾਫ਼ੀ ਜ਼ਿਆਦਾ ਹੈ। ਉਪਰੋਕਤ ਵਿਵਾਦ ਕਾਰਨ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਇੰਨੇ ਸ਼ਕਤੀਸ਼ਾਲੀ ਪੋਪ ਇਸ ਨਸਲਕੁਸ਼ੀ ਬਾਰੇ ਚੁੱਪ ਕਿਉਂ ਰਹੇ। ਕਈ ਇਤਿਹਾਸਕਾਰਾਂ ਤੇ ਮਾਹਿਰਾਂ ਦੀ ਸਮਝ ਹੈ ਕਿ ਹੋ ਸਕਦਾ ਹੈ, ਤਤਕਾਲੀਨ ਪੋਪ ਇਹ ਸੋਚਦੇ ਹੋਣ ਕਿ ਉਨ੍ਹਾਂ ਦੇ ਬੋਲਣ ਕਾਰਨ ਨਾਜ਼ੀ ਕੈਥੋਲਿਕ ਫ਼ਿਰਕੇ ਦੇ ਅਨੁਯਾਈਆਂ ਨੂੰ ਨਿਸ਼ਾਨਾ ਬਣਾਉਣਗੇ। ਮਾਹਿਰਾਂ ਅਨੁਸਾਰ ਇਹ ਵੀ ਸੰਭਵ ਹੈ, ਪੋਪ ਇਹ ਸਮਝਦੇ ਹੋਣ ਕਿ ਜਰਮਨੀ, ਇਟਲੀ ਤੇ ਜਾਪਾਨ ਦਾ ਗੱਠਜੋੜ ਦੂਸਰੀ ਆਲਮੀ ਜੰਗ ਜਿੱਤ ਜਾਵੇਗਾ ਤੇ ਉਨ੍ਹਾਂ ਦੇ ਖੁੱਲ੍ਹਮਖੁੱਲ੍ਹੇ ਵਿਰੋਧ ਕਾਰਨ ਰੋਮਨ ਕੈਥੋਲਿਕ ਫ਼ਿਰਕੇ ਦੀਆਂ ਮੁਸੀਬਤਾਂ ਵਧ ਜਾਣਗੀਆਂ। ਤਤਕਾਲੀਨ ਪੋਪ ਦੀਆਂ ਮੁਸ਼ਕਿਲਾਂ ਜੋ ਵੀ ਹੋਣ, ਇਹ ਸਮਝਿਆ ਜਾਣਾ ਜ਼ਰੂਰੀ ਹੈ ਕਿ ਉਹ ਚੁੱਪ ਕਿਉਂ ਰਹੇ; ਇਹ ਚੁੱਪ ਨਿਸ਼ਚੇ ਹੀ ਨਾਜ਼ੀਆਂ ਦੇ ਹੱਕ ਵਿਚ ਭੁਗਤੀ। ਇਹ ਉਹ ਸਮੇਂ ਸਨ ਜਦ ਨਾਜ਼ੀਆਂ ਨੇ ਕਮਿਊਨਿਸਟਾਂ, ਸਮਾਜਵਾਦੀਆਂ, ਮਜ਼ਦੂਰ ਆਗੂਆਂ, ਯਹੂਦੀਆਂ, ਰੋਮਾ (ਜਿਪਸੀ) ਲੋਕਾਂ ਤੇ ਹੋਰਨਾਂ ਨੂੰ ਨਿਸ਼ਾਨਾ ਬਣਾਇਆ। ਖੱਬੇ ਪੱਖੀ ਵਿਚਾਰਧਾਰਾ ਦੇ ਲੋਕ ਨਾਜ਼ੀਆਂ ਅਤੇ ਫਾਸ਼ਿਸਟਾਂ ਵਿਰੁੱਧ ਸੀਨਾ ਤਾਣ ਕੇ ਲੜੇ ਅਤੇ ਉਨ੍ਹਾਂ ’ਤੇ ਅਕਹਿ ਜ਼ੁਲਮ ਹੋਏ। ਪਾਦਰੀ ਮਾਰਟਿਨ ਨਾਈਮੋਲਰ ਦੀ ਇਹ ਯਾਦਗਾਰੀ ਕਵਿਤਾ ਉਨ੍ਹਾਂ ਸਮਿਆਂ ਵਿਚ ਆਮ ਲੋਕਾਂ ਦੀ ਸਮਝ ਤੇ ਵਿਹਾਰ ਦੀ ਕਹਾਣੀ ਦੱਸਦੀ ਹੈ, ‘‘ਪਹਿਲਾਂ ਉਹ ਕਮਿਊਨਿਸਟਾਂ (ਨੂੰ ਫੜਨ/ਕਤਲ/ਗ੍ਰਿਫ਼ਤਾਰ ਕਰਨ) ਲਈ ਆਏ ਪਰ ਮੈਂ ਨਾ ਬੋਲਿਆ ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ/ਫਿਰ ਉਹ ਸਮਾਜਵਾਦੀਆਂ ਲਈ ਆਏ ਪਰ ਮੈਂ ਨਾ ਬੋਲਿਆ ਕਿਉਂਕਿ ਮੈਂ ਸਮਾਜਵਾਦੀ ਨਹੀਂ ਸਾਂ/ਫਿਰ ਉਹ ਮਜ਼ਦੂਰ ਆਗੂਆਂ ਵਾਸਤੇ ਆਏ ਤੇ ਮੈਂ ਨਾ ਬੋਲਿਆ ਕਿਉਂਕਿ ਮੈਂ ਮਜ਼ਦੂਰ ਆਗੂ ਨਹੀਂ ਸਾਂ/ਫਿਰ ਉਹ ਯਹੂਦੀਆਂ ਵਾਸਤੇ ਆਏ ਪਰ ਮੈਂ ਨਾ ਬੋਲਿਆ ਕਿਉਂਕਿ ਮੈਂ ਯਹੂਦੀ ਨਹੀਂ ਸਾਂ/ਫਿਰ ਉਹ ਮੇਰੇ ਲਈ ਆਏ ਤੇ ਉਦੋਂ ਤਕ ਬੋਲਣ ਵਾਲਾ ਕੋਈ ਨਹੀਂ ਸੀ ਬਚਿਆ।’’ ਇੱਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ ਜਰਮਨੀ ਵਿਚ ਕੈਥੋਲਿਕ ਫ਼ਿਰਕੇ ਦੇ ਲੋਕ ਤੇ ਪਾਦਰੀ ਨਾਜ਼ੀ ਵਿਰੋਧੀ ਮੁਹਿੰਮਾਂ ਦਾ ਹਿੱਸਾ ਸਨ ਪਰ ਸੰਸਥਾਈ ਰੂਪ ਵਿਚ ਫ਼ਿਰਕੇ ਨੇ ਨਾਜ਼ੀਆਂ ਦਾ ਖੁੱਲ੍ਹੇਆਮ ਵਿਰੋਧ ਕਦੇ ਵੀ ਨਹੀਂ ਸੀ ਕੀਤਾ। ਇਹ ਗੱਲ ਈਸਾਈ ਧਰਮ ਦੇ ਹੋਰ ਫ਼ਿਰਕਿਆਂ ਅਤੇ ਹੋਰ ਧਰਮਾਂ ਦੇ ਆਗੂਆਂ ’ਤੇ ਵੀ ਲਾਗੂ ਹੁੰਦੀ ਹੈ। ਕਿਸੇ ਧਰਮ ਦੇ ਮੁਖੀ ਨੇ ਇੰਨੇ ਵੱਡੇ ਪੱਧਰ ’ਤੇ ਹੋ ਰਹੀ ਨਸਲਕੁਸ਼ੀ ਦਾ ਵਿਰੋਧ ਨਹੀਂ ਸੀ ਕੀਤਾ। ਇਸ ਦੇ ਬਾਵਜੂਦ ਵੱਖ ਵੱਖ ਧਰਮਾਂ ਦੇ ਸਥਾਨਕ ਆਗੂਆਂ ਨੇ ਨਾਜ਼ੀਆਂ ਤੇ ਫਾਸ਼ਿਸਟਾਂ ਵਿਰੁੱਧ ਚੱਲੀਆਂ ਮੁਹਿੰਮਾਂ ਵਿਚ ਹਿੱਸਾ ਲਿਆ ਤੇ ਕੁਰਬਾਨੀਆਂ ਕੀਤੀਆਂ। ਮੌਜੂਦਾ ਪੋਪ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਫ਼ਿਰਕੇ ਵੱਲੋਂ ਉਸ ਸਮੇਂ ਅਪਣਾਈ ਗਈ ਪਹੁੰਚ ਨੂੰ ਸਪੱਸ਼ਟ ਕਰਨ।

Advertisement
Author Image

joginder kumar

View all posts

Advertisement
Advertisement
×