ਸਹੀ ਨਮੀ ਵਾਲਾ ਝੋਨਾ ਮੰਡੀਆਂ ’ਚ ਰੁਲਣ ਦਾ ਵਿਰੋਧ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਅਕਤੂਬਰ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਇਥੇ ਪਿਛਲੇ ਪੰਜ ਦਿਨਾਂ ਤੋਂ ਬਾਰਾਂ ਤੋਂ ਸਤਾਰਾਂ ਫ਼ੀਸਦ ਨਮੀ ਵਾਲਾ ਸੁੱਕਾ ਝੋਨਾ ਮੰਡੀਆਂ ’ਚ ਰੁਲਣ ਦਾ ਵਿਰੋਧ ਕੀਤਾ ਗਿਆ।
ਆਗੂਆਂ ਵੱਲੋਂ ਤੁਰੰਤ ਇਸ ਪਾਸੇ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਝੋਨੇ ਰੁਲਣ ਤੋਂ ਰੋਕਿਆ ਨਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਕੁਲਾਰ, ਅਮਰੀਕ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਦੱਸਿਆ ਕਿ ਕਿਸਾਨ 12 ਤੋਂ 17 ਫ਼ੀਸਦ ਤੱਕ ਦੀ ਨਮੀ ਵਾਲਾ ਸੁੱਕਾ ਝੋਨਾ ਪੰਜ ਦਿਨ ਤੋਂ ਮੰਡੀਆਂ ’ਚ ਲੈ ਕੇ ਬੈਠੇ ਹਨ। ਇਕ ਪਾਸੇ ਝੋਨੇ ਦੀ ਖਰੀਦ ਸਹੀ ਢੰਗ ਨਾਲ ਨਹੀਂ ਹੋ ਰਹੀ ਦੂਜੇ ਪਾਸੇ ਚੌਲ ਨਾ ਚੁੱਕੇ ਜਾਣ ਕਰ ਕੇ ਗੁਦਾਮ ਭਰੇ ਪਏ ਹਨ। ਆਗੂਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚਾਲੀ ਲੱਖ ਟਨ ਚੌਲ ਪ੍ਰਤੀ ਮਹੀਨਾ ਚੁੱਕ ਕੇ ਫੌਰੀ ਤੌਰ ’ਤੇ ਥਾਂ ਖਾਲੀ ਕਰਵਾਈ ਜਾਵੇ ਅਤੇ ਹੋਰ ਢੁਕਵੇਂ ਬਦਲਵੇਂ ਪ੍ਰਬੰਧ ਕੀਤੇ ਜਾਣ। ਖਰੀਦ ਅਤੇ ਲਿਫਟਿੰਗ ਰੋਜ਼ਾਨਾ ਲੋੜ ਮੁਤਾਬਕ ਹੋਵੇ। ਇਸ ਪਾਸੇ ਧਿਆਨ ਨਾ ਦੇਣ ’ਤੇ ਸਾਂਝੇ ਫੋਰਮ ਦੀਆਂ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਘੋਲ ਵਿੱਢਿਆ ਜਾਵੇਗਾ।