ਕਿਸਾਨਾਂ ਦੇ ਪੈਸੇ ਦਿਵਾਉਣ ਲਈ ਆੜ੍ਹਤੀ ਦੀ ਜ਼ਮੀਨ ’ਚ ਝੋਨਾ ਲਾਇਆ
ਪੱਤਰ ਪ੍ਰੇਰਕ
ਭਦੌੜ 7 ਜੁਲਾਈ
ਨੇੜਲੇ ਪਿੰਡ ਨੈਣੇਵਾਲ ਵਿੱਚ ਇੱਕ ਆੜ੍ਹਤੀਏ ਵੱਲੋਂ ਕਿਸਾਨਾਂ ਨਾਲ ਮਾਰੀ ਕਰੋੜਾਂ ਦੀ ਠੱਗੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਆੜ੍ਹਤੀਏ ਦੀ ਜ਼ਮੀਨ ਤੇ ਪੀੜਤ ਕਿਸਾਨਾਂ ਵੱਲੋਂ ਝੋਨਾ ਲਗਾ ਦਿੱਤਾ ਗਿਆ ਹੈ।
ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਦਰਸ਼ਨ ਮਹਿਤਾ, ਜਗਸੀਰ ਸਿੰਘ ਸ਼ਹਿਣਾ, ਮਿੱਠੂ ਸਿੰਘ ਸ਼ਹਿਣਾ, ਜਗਦੀਪ ਸਿੰਘ ਨੈਣੇਵਾਲ, ਸੁਖਦੇਵ ਸਿੰਘ ਟੱਲੇਵਾਲ ਅਤੇ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਨੈਣੇਵਾਲ ਦੇ ਆੜ੍ਹਤੀ ਹਰਦੀਪ ਕੁਮਾਰ ਉਰਫ਼ ਲਾਲੀ ਨੇ ਕਿਸਾਨਾਂ ਦੇ ਲਗਪਗ ਦੋ ਕਰੋੜ ਰੁਪਏ ਦੱਬੇ ਹੋੲੇ ਹਨ। ਜਥੇਬੰਦੀ ਵੱਲੋਂ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 26 ਦਿਨਾਂ ਤੋਂ ਆੜ੍ਹਤੀ ਦੇ ਘਰ ਮੂਹਰੇ ਧਰਨਾ ਦਿੱਤਾ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਆੜ੍ਹਤੀ ਨੂੰ ਹੜੱਪਣ ਨਹੀਂ ਦੇਣਗੇ ਅਤੇ ਸਮੇਤ ਵਿਆਜ ਕਿਸਾਨਾਂ ਨੂੰ ਪੈਸੇ ਦਿਵਾਏ ਜਾਣਗੇ। ਜਥੇਬੰਦੀ ਵੱਲੋਂ ਲਏ ਫ਼ੈਸਲੇ ਤਹਿਤ ਆੜ੍ਹਤੀ ਦੀ ਜ਼ਮੀਨ ਤੇ ਝੋਨਾ ਪੀੜਤ ਕਿਸਾਨਾ ਵੱਲੋਂ ਝੋਨਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਐੱਸਐੱਸਪੀ ਬਰਨਾਲਾ ਨੂੰ ਦਰਖਾਸਤ ਦਿੱਤੀ ਗਈ ਹੈ ਕਿ ਇਸ ਆੜ੍ਹਤੀ ’ਤੇ 420 ਦਾ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਵਿਆਜ ਸਮੇਤ ਪੈਸੇ ਨਹੀਂ ਦਿੱਤੇ ਜਾਂਦੇ ਸੰਘਰਸ਼ ਜਾਰੀ ਰਹੇਗਾ।