For the best experience, open
https://m.punjabitribuneonline.com
on your mobile browser.
Advertisement

ਬਿਜਲੀ ਕੱਟਾਂ ਕਾਰਨ ਮੁਰਝਾਉਣ ਲੱਗਿਆ ਝੋਨਾ

07:51 AM Jul 29, 2024 IST
ਬਿਜਲੀ ਕੱਟਾਂ ਕਾਰਨ ਮੁਰਝਾਉਣ ਲੱਗਿਆ ਝੋਨਾ
ਬਠਿੰਡਾ ਜ਼ਿਲ੍ਹੇ ਦੇ ਪਿੰਡ ਜੈਦ ਦੇ ਖੇਤਾਂ ਵਿੱਚ ਸੁੱਕੀ ਪਈ ਝੋਨੇ ਦੀ ਫ਼ਸਲ।
Advertisement

ਪੱਤਰ ਪ੍ਰੇਰਕ
ਬਠਿੰਡਾ, 28 ਜੁਲਾਈ
ਮਾਲਵਾ ਪੱਟੀ ਵਿੱਚ ਬਿਜਲੀ ਕੱਟਾਂ ਕਾਰਨ ਝੋਨੇ ਦੇ ਖੇਤ ਸੁੱਕਣ ਲੱਗੇ ਹਨ। ਸਾਉਣ ਮਹੀਨੇ ਵਿੱਚ ਕਮਜ਼ੋਰ ਮੌਨਸੂਨ ਕਾਰਨ ਔੜ ਵਰਗੀ ਸਥਿਤੀ ਪੈਦਾ ਹੋ ਗਈ। ਉਪਰੋਂ ਬਿਜਲੀ ਕੱਟ ਲੱਗ ਰਹੇ ਹਨ। ਸਰਕਾਰ ਨੇ ਕਿਸਾਨਾਂ ਨੂੰ ਰੋਜ਼ਾਨਾ ਮੋਟਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਪਾਵਰਕੌਮ ਵੱਲੋਂ ਰੋਜ਼ਾਨਾ 2 ਤੋਂ 3 ਘੰਟੇ ਕੱਟ ਲਾਏ ਜਾ ਰਹੇ ਹਨ। ਅਜਿਹੇ ਵਿੱਚ ਕਿਸਾਨ ਰੋਹ ਭਖ ਗਿਆ ਹੈ ਅਤੇ ਕਿਸਾਨਾਂ ਨੇ ਪਾਵਰਕੌਮ ਦਫ਼ਤਰਾਂ ਦੇ ਘਿਰਾਓ ਸ਼ੁਰੂ ਕਰ ਦਿੱਤੇ ਹਨ। ਬਠਿੰਡਾ ਖੇਤਰ ਇਸ ਵਰ੍ਹੇ 2 ਲੱਖ 40 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਫ਼ਸਲ ਲਾਈ ਗਈ ਹੈ। ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਐਤਕੀਂ ਨਰਮੇ ਦੀ ਥਾਂ ਝੋਨਾ ਲਾਇਆ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਨਰਮੇ ’ਤੇ ਕੀਟਾਂ ਦੇ ਹਮਲੇ ਵੱਧ ਗਏ ਹਨ ਜਿਸ ਨੇ ਕਿਸਾਨਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ। ਪਿੰਡ ਝੁੰਬਾ ਦੇ ਕਿਸਾਨ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਪਾਵਰਕੌਮ ਆਪਣੇ ਵਾਅਦੇ ’ਤੇ ਖਰੀ ਨਹੀਂ ਉੱਤਰ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ 2-3 ਘੰਟੇ ਬਿਜਲੀ ਕੱਟ ਲੱਗ ਰਹੇ ਹਨ ਜਿਸ ਕਾਰਨ ਝੋਨੇ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪਾਵਰਕੌਮ ਵੱਲੋਂ ਖ਼ੇਤੀ ਸੈਕਟਰ ਲਈ 8 ਘੰਟੇ ਲਗਤਾਰ ਸਪਲਾਈ ਬਹਾਲ ਨਾ ਕੀਤੀ ਤਾਂ ਉਨ੍ਹਾਂ ਮਜੂਬਰਨ ਧਰਨੇ ਲਾਉਣੇ ਪੈਣਗੇ। ਪਾਵਰਕੌਮ ਬਠਿੰਡਾ ਦੇ ਸੁਪਰਡੈਂਟ ਇੰਜਨੀਅਰ ਹਰੀਸ਼ ਜੋਤਵਾਲ ਦਾ ਕਹਿਣਾ ਹੈ ਕਿ ਗਰਿੱਡ ਓਵਰਲੋਡ ਚੱਲ ਰਹੇ ਹਨ। ਬਿਜਲੀ ਦੀ ਖਪਤ 30 ਤੋਂ 35 ਫੀਸਦੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਮੀਂਹਾਂ ’ਤੇ ਟੇਕ ਹੈ। ਜੇਕਰ ਮੌਨਸੂਨ ਸਰਗਰਮ ਹੋ ਜਾਵੇ ਤਾਂ ਰਾਹਤ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਵਿਚ ਮਾਲਵੇ ਦੇ ਕਿਸਾਨ ਪਾਵਰਕੌਮ ਦੇ ਦਫ਼ਤਰਾਂ ਦੇ ਅੱਗੇ ਧਰਨੇ ਦੇ ਰਹੇ ਹਨ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ। ਕੁਝ ਥਾਵਾਂ ’ਤੇ ਕਿਸਾਨਾਂ ਨੇ ਝੋਨਾ ਸੁੱਕਣ ਮਗਰੋਂ ਵਾਹੁਣਾ ਵੀ ਸ਼ੁਰੂ ਕਰ ਦਿੱਤਾ ਹੈ।
ਮਲੋਟ (ਲਖਵਿੰਦਰ ਸਿੰਘ): ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਹੋਂਦ ਵਿੱਚ ਆਈ ‘ਆਪ’ ਸਰਕਾਰ ਕਿਸਾਨਾਂ ਨੂੰ ਮੋਟਰਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਨਾਕਾਮ ਰਹੀ ਹੈ। ਇਸ ਦੁਖੀ ਕਈ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਝੋਨਾ ਤੇ ਨਰਮਾ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂਂ ਬਿਜਲੀ ਸਮੱਸਿਆ ਨੂੰ ਲੈ ਕੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਐਕਸੀਅਨ ਮਲੋਟ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਵੀ ਕੀਤਾ ਪਰ ਇਸ ਦੇ ਬਾਵਜੂਦ ਬਿਜਲੀ ਕੱਟਾਂ ਤੋਂ ਛੁਟਕਾਰਾਂ ਨਹੀਂ ਮਿਲਿਆ। ਇਸ ਸਮੱਸਿਆ ਬਾਬਤ ਕੌਮੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਲਖਣਪਾਲ ਸ਼ਰਮਾ ਤੇ ਹੋਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦਵਿੰਦਰ ਸਿੰਘ ਬੁਰਜ ਸਿੱਧਵਾਂ, ਗੁਰਮੀਤ ਸਿੰਘ ਸੇਖੋਂ, ਪਿੰਡ ਉੜਾਂਗ, ਲੱਕੀ ਤੇ ਬਲਤੇਜ ਸੇਖੋਂ ਕਿਹਾ ਕਿ ਕੱਸੀਆਂ ਵਿਚ ਪਾਣੀ ਨਹੀਂ, ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਕੰਮ ਚਲਾ ਰਹੇ ਹਨ। ਮੰਡੀਆਂ ਵਿੱਚ ਮੱਕੀ ਤੇ ਮੂੰਗੀ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਆਲਮਵਾਲਾ, ਬੋਦੀਵਾਲਾ, ਮਿੱਡਾ, ਸਰਾਵਾਂ ਬੋਦਲਾਂ, ਕੱਟਿਆਂ ਵਾਲੀ, ਰਾਣੀਵਾਲਾ, ਲੱਕੜਵਾਲਾ, ਭਲੇਰੀਆਂ, ਅਬੁੱਲਖੁਰਾਣਾ, ਸ਼ਾਮਖੇੜਾ, ਵਿਰਕ ਖੇੜਾ, ਕਰਮਗੜ੍ਹ ਅਤੇ ਦਰਜਨਾਂ ਹੋਰ ਪਿੰਡਾਂ ਦੇ ਕਿਸਾਨਾਂ ਦੇ ਹਾਲ ਬਿਜਲੀ ਅਤੇ ਪਾਣੀ ਖੁਣੋਂ ਮੰਦੇ ਹਨ। ਕਿਸਾਨ ਆਗੂ ਲਖਣਪੁਰ ਸ਼ਰਮਾ ਨੇ ਮੁੱਖ ਨਹਿਰ ਤੋਂ ਬੰਦ ਕੀਤੀਆਂ ਕੱਸੀਆਂ ਦਿਖਾਉਂਦਿਆਂ ਕਿਹਾ ਕਿ ਪਾਣੀ ਮੁੱਢ ’ਚ ਹੀ ਨਹੀਂ ਆਉਂਦਾ, ਟਾਇਲਾਂ ‘ਤੇ ਕਿਥੋਂ ਆਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪੂਰੀ ਬਿਜਲੀ ਦੇਣ ‘ਚ ਅਸਮਰਥ ਰਹੀ ਹੈ।
ਉਨ੍ਹ੍ਵਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਇਸੇ ਤਰ੍ਹਾਂ ਰਹੀ ਤਾਂ ਉਹ ਵੱਡੇ ਪੱਧਰ ’ਤੇ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

Advertisement

Advertisement
Author Image

Advertisement
Advertisement
×