ਮੀਂਹ ਤੇ ਝੱਖੜ ਕਾਰਨ ਧਰਤੀ ’ਤੇ ਵਿਛਿਆ ਝੋਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਅਕਤੂਬਰ
ਪੰਜਾਬ ਦੀਆਂ ਮੰਡੀਆਂ ਵਿੱਚ ਬਾਸਮਤੀ ਪਿਛਲੇ ਸਾਲ ਦੀ ਮੁਕਾਬਲੇ ਕਾਫੀ ਘੱਟ ਭਾਅ ’ਤੇ ਵਿਕਣ ਕਰਕੇ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ ਦੂਸਰੇ ਪਾਸੇ ਬੀਤੀ ਰਾਤ ਮੀਂਹ ਤੇ ਝੱਖੜ ਕਾਰਨ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਇਸ ਨਾਲ ਕਿਸਾਨਾਂ ਲਈ ਹੋਰ ਮਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਫ਼ਸਲ ਦਾ ਝਾੜ ਘਟਣ ਨਾਲ ਵਢਾਈ ਦੁਗਣੀ ਦੇਣੀ ਪਵੇਗੀ।
ਕਿਸਾਨ ਸੁਖਵਿੰਦਰ ਸਿੰਘ ਝੱਬਰ, ਸੁਖਜੀਤ ਸਿੰਘ ਬਕਰਾਹਾ, ਜਰਨੈਲ ਸਿੰਘ ਸਧਾਰਨਪੁਰ, ਗੁਰਬਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਬੀਤੀ ਰਾਤ ਝੱਖੜ ਅਤੇ ਮੀਂਹ ਕਾਰਨ ਝੋਨੇ ਦੀ ਪੱਕੀ ਫ਼ਸਲ (ਬਾਸਮਤੀ) ਧਰਤੀ ’ਤੇ ਡਿੱਗਣ ਕਾਰਨ ਪੰਜ ਤੋਂ ਦਸ ਮਣ ਪ੍ਰਤੀ ਏਕੜ ਬਾਸਮਤੀ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਬਾਸਮਤੀ ਦਾ ਭਾਅ ਬਾਜ਼ਾਰ ਵਿੱਚ ਬਹੁਤ ਘੱਟ ਹੈ, ਦੂਸਰਾ ਫਸਲ ਦੇ ਧਰਤੀ ’ਤੇ ਵਿਛਣ ਕਾਰਨ ਕੰਬਾਈਨ ਵਾਲਿਆਂ ਨੂੰ ਵਢਾਈ ਜ਼ਿਆਦਾ ਦੇਣੀ ਪਵੇਗੀ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨੂੰ ਬਾਸਮਤੀ ਦੇ ਦਾਣੇ ਖਰਾਬ ਹੋਣ ਤੋਂ ਬਚਾਉਣ ਲਈ ਖੇਤਾਂ ਵਿੱਚ ਮਜ਼ਦੂਰ ਲਗਾ ਕੇ ਫ਼ਸਲ ਨੂੰ ਪਲਟਾਉਣ ਦੇ ਲਈ ਵੱਖਰੇ ਤੌਰ ’ਤੇ ਖ਼ਰਚ ਕਰਨਾ ਪਵੇਗਾ। ਬਹੁਤ ਸਾਰੇ ਕਿਸਾਨ ਮਹਿੰਗੇ ਭਾਅ ਜ਼ਮੀਨਾਂ ਠੇਕੇ ਤੇ ਲੈ ਕੇ ਵਹਾਈ ਕਰ ਰਹੇ ਹਨ ਉਨ੍ਹਾਂ ਨੂੰ ਵੱਡੀ ਆਰਥਿਕ ਸੱਟ ਵੱਜੇਗੀ। ਠੇਕੇ ’ਤੇ ਵਾਹੀ ਕਰ ਰਹੇ ਕਿਸਾਨਾਂ ਨੇ ਦੱਸਿਆ ਹੈ ਕਿ ਉਨ੍ਹਾਂ ਪਝੰਤਰ ਤੋਂ ਅੱਸੀ ਹਜ਼ਾਰ ਰੁਪਏ ਪਰ ਏਕੜ ਦਾ ਠੇਕਾ ਭਰਿਆ ਹੈ ਇਸ ਕੁਦਰਤੀ ਮਾਰ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਵਾਰ ਝੋਨੇ ਦੀ ਫ਼ਸਲ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣ ਦੀ ਉਮੀਦ ਨਹੀਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਰਸਾਨੀ ਨੂੰ ਬਚਾਉਣ ਲਈ ਖ਼ਰਾਬੇ ਦੇ ਵੇਰਵੇ ਲੈਕੇ ਬੋਨਸ ਦਿੱਤਾ ਜਾਵੇ। ਕੰਬਾਈਨ ਮਾਲਕ ਕੁਲਦੀਪ ਸਿੰਘ ਲਾਡੀ ਨੇ ਦੱਸਿਆ ਕਿ ਡਿੱਗੀ ਫ਼ਸਲ ਵੱਢਣ ਵਕਤ ਤੇਲ ਅਤੇ ਸਮਾਂ ਦੁਗਣੇ ਤੋਂ ਵਧ ਲਗਦਾ ਹੈ, ਮਸ਼ੀਨ ਦੀ ਟੁੱਟ ਭੱਜ ਦਾ ਖ਼ਰਚ ਕਈ ਗੁਣਾਂ ਵਧ ਜਾਂਦਾ ਹੈ ਉਹ ਕੀ ਕਰਨ।