For the best experience, open
https://m.punjabitribuneonline.com
on your mobile browser.
Advertisement

ਝੋਨਾ ਤਸਕਰੀ: ਬਿਹਾਰ ਤੋਂ ਲਿਆਂਦਾ ਝੋਨਾ ਪੰਜਾਬ ’ਚ ਵੇਚਣ ਦਾ ਵਿਰੋਧ

10:45 AM Apr 06, 2024 IST
ਝੋਨਾ ਤਸਕਰੀ  ਬਿਹਾਰ ਤੋਂ ਲਿਆਂਦਾ ਝੋਨਾ ਪੰਜਾਬ ’ਚ ਵੇਚਣ ਦਾ ਵਿਰੋਧ
ਸ਼ੈਲਰ ਵਿੱਚ ਖੜ੍ਹੇ ਟਰੱਕਾਂ ਦੀ ਜਾਂਚ ਕਰਦੇ ਹੋਏ ਕਿਸਾਨ ਆਗੂ।
Advertisement

ਜੋਗਿੰਦਰ ਸਿੰਘ ਮਾਨ/ਨਰੰਜਣ ਬੋਹਾ
ਮਾਨਸਾ/ਬੋਹਾ, 5 ਅਪਰੈਲ
ਸੰਯੁਕਤ ਕਿਸਾਨ ਮੋਰਚਾ ਵੱਲੋਂ ਬਿਹਾਰ ਤੋਂ ਸਸਤੇ ਭਾਅ ਝੋਨਾ ਖ਼ਰੀਦ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ ਸ਼ੈੱਲਰ ਵਿੱਚ ਵੇਚਣ ਆਏ ਲੋਕਾਂ ਦੇ ਝੋਨੇ ਦੇ ਟਰਾਲਿਆਂ ਨੂੰ ਘੇਰ ਕੇ ਇਸ ਨਾਜਾਇਜ਼ ਵਿਕਰੀ ਦਾ ਵਿਰੋਧ ਕੀਤਾ ਹੈ। ਮੋਰਚੇ ਨੇ ਦੋਸ਼ ਲਗਾਇਆ ਕਿ ਝੋਨੇ ਦੀ ਇਸ ਤਰ੍ਹਾਂ ਨਾਲ ਹੋਣ ਵਾਲੀ ਦੋ ਨੰਬਰ ਦੀ ਖ਼ਰੀਦ ਨਾਲ ਪੰਜਾਬ ਤੇ ਬਿਹਾਰ ਦੋਵੇਂ ਸੂਬਿਆਂ ਦੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਤੋਂ ਪਹਿਲਾਂ ਬਿਹਾਰ ਤੋਂ ਸਸਤੇ ਭਾਅ ’ਤੇ ਖ਼ਰੀਦ ਕੇ ਪੰਜਾਬ ਲਿਆਂਦੇ ਗਏ ਝੋਨੇ ਦੇ ਦੋ ਟਰੱਕਾਂ ਨੂੰ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਫੜਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਟਰੱਕ ਕਿਸਾਨ ਜਥੇਬੰਦੀ ਦੇ ਉਪਰਾਲੇ ਨਾਲ ਫੜਾਏ ਗਏ ਹਨ।
ਪੰਜਾਬ ਕਿਸਾਨ ਯੂਨੀਅਨ ਅਨੁਸਾਰ ਇਹ ਘਟਨਾ ਕੱਲ੍ਹ ਸ਼ਾਮ ਪਿੰਡ ਬਾਦਲਗੜ੍ਹ ਵਿੱਚ ਪੰਜਾਬ-ਹਰਿਆਣਾ ਸਰਹੱਦ ’ਤੇ ਜਦੋਂ ਟਰਾਲਾ ਪਲਟਿਆ ਤਾਂ ਉੱਥੇ ਸਾਹਮਣੇ ਆਈ। ਟਰਾਲਾ ਪਲਟਣ ਕਾਰਨ ਨੇੜੇ ਖੇਤਾਂ ਦੇ ਵਿੱਚ ਕੰਮ ਕਰਦੇ ਕਿਸਾਨਾਂ ਨੂੰ ਸ਼ੱਕ ਹੋਇਆ ਕਿ ਕੱਚੇ ਰਸਤੇ ਤੋਂ ਇੰਨਾ ਭਾਰੀ ਮਾਲ ਢੋਣ ਵਾਲਾ ਵਾਹਨ ਕਿਵੇਂ ਜਾ ਰਿਹਾ ਹੈ। ਉਨ੍ਹਾਂ ਜਦੋਂ ਕੋਲ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਗੱਡੀ ਰਾਜਸਥਾਨ ਦੇ ਨੰਬਰ ਵਾਲੀ ਸੀ ਤੇ ਇਹ ਝੋਨਾ ਬਿਹਾਰ ਤੋਂ ਲਿਆ ਕੇ ਸ਼ਿਵ ਸ਼ੰਕਰ ਮਿੱਲ ਧਰਮਪੁਰਾ ਵਿੱਚ ਉਤਾਰਿਆ ਜਾਣਾ ਸੀ। ਕਿਸਾਨ ਵਲੋਂ ਪੂਰੀ ਰਾਤ ਉੱਥੇ ਚੌਕਸੀ ਰੱਖੀ ਗਈ ਤੇ ਸਵੇਰ ਹੋਣ ’ਤੇ ਸਬੰਧਤ ਅਧਿਕਾਰੀਆਂ ਨੂੰ ਜਦੋਂ ਇਸ ਦੀ ਸੂਚਨਾ ਦਿੱਤੀ ਤਾਂ ਸ਼ਾਮ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਸ਼ੈੱਲਰ ਮਾਲਕ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਿਮਰਨਜੀਤ ਸਿੰਘ ਕੁਲਰੀਆਂ ਨੇ ਦੱਸਿਆ ਕਿ ਇਹ ਸ਼ਿਵ ਸ਼ੰਕਰ ਰਾਈਸ ਮਿਲ ਧਰਮਪੁਰਾ ਮਾਰਕਫੈੱਡ ਦੇ ਅਧੀਨ ਆਉਂਦੀ ਹੈ। ਮਾਰਕਫੈੱਡ ਦੇ ਮੈਨੇਜਰ ਨੇ ਜਦੋਂ ਆ ਕੇ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਦੱਸਿਆ ਕਿ ਇਹ ਟਰਾਲੇ ਗ਼ੈਰਕਾਨੂੰਨੀ ਤੌਰ ’ਤੇ ਝੋਨਾ ਲਿਆਏ ਹਨ। ਇਸੇ ਦੌਰਾਨ ਪੰਜਾਬ ਮੰਡੀ ਬੋਰਡ ਦੇ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਅਨੁਸਾਰ ਟਰੱਕਾਂ ਦੀ ਗਿਣਤੀ ਦੋ ਹੈ ਤੇ ਉਨ੍ਹਾਂ ਤੋਂ 38,385 ਰੁਪਏ ਮਾਰਕਿਟ ਫੀਸ ਅਤੇ 36,385 ਰੁਪਏ ਆਰਡੀਐਫ ਵਜੋਂ ਭਰਵਾਏ ਗਏ ਹਨ।
ਸੰਯੁਕਤ ਕਿਸਾਨ ਮੋਰਚੇ ਨੇ ਚਿਤਾਵਨੀ ਦਿੱਤੀ ਕਿ 8 ਅਪਰੈਲ ਤੱਕ ਮਾਰਕਫੈੱਡ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਉਡੀਕ ਕੀਤੀ ਜਾਵੇਗੀ ਤੇ ਕਾਰਵਾਈ ਨਾ ਹੋਣ ’ਤੇ ਸੰਘਰਸ਼ ਉਲੀਕਿਆ ਜਾਵੇਗਾ।

Advertisement

ਪੁਰਾਣੀ ਰੰਜ਼ਿਸ਼ ਕੱਢ ਰਹੀਆਂ ਨੇ ਜਥੇਬੰਦੀਆਂ: ਸ਼ੈੱਲਰ ਮਾਲਕ

ਰਾਈਸ ਮਿੱਲ ਦੇ ਮਾਲਕ ਸੁਰਿੰਦਰ ਕੁਮਾਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਾਲੇ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਕੱਢ ਰਹੇ ਹਨ ਕਿਉਂਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਇੱਕ ਕਿਸਾਨ ਨੂੰ ਬਲੈਕ ਮੇਲ ਕਰਨ ਦੇ ਮਾਮਲੇ ਵਿਚ ਪੁਲੀਸ ਦੇ ਹਵਾਲੇ ਕੀਤਾ ਸੀ।

Advertisement
Author Image

sukhwinder singh

View all posts

Advertisement
Advertisement
×