ਨਿਕਾਸੀ ਨਾ ਹੋਣ ਕਾਰਨ ਬਾਦਸ਼ਾਹਪੁਰ ਵਿੱਚ ਦੂਜੀ ਵਾਰ ਝੋਨਾ ਡੁੱਬਿਆ
ਸ਼ਾਹਬਾਜ਼ ਸਿੰਘ
ਘੱਗਾ, 21 ਅਗਸਤ
ਪਿਛਲੇ ਦੋ ਦਿਨ ਦੀ ਬਾਰਸ਼ ਕਾਰਨ ਪਿੰਡ ਬਾਦਸ਼ਾਹਪੁਰ ਦੇ ਗਰੀਬ ਕਿਸਾਨਾਂ ਦਾ ਝੋਨਾ ਦੂਹਰੀ ਵਾਰ ਡੁੱਬ ਗਿਆ ਹੈ ਪਰ ਪਾਤੜਾਂ ਪ੍ਸ਼ਾਸਨ ਵਲੋਂ ਕਿਸਾਨਾਂ ਦੀ ਸਾਰ ਨਾ ਲਏ ਜਾਣ ਕਾਰਨ ਕਿਸਾਨ ਆਪਣੇ ਖਰਚੇ ਉਤੇ ਫਸਲ ਬਚਾਉਣ ਦੇ ਤਰਲੇ ਮਾਰ ਰਹੇ ਹਨ ਜਿਸ ਕਾਰਨ ਸਰਕਾਰ ਪ੍ਰਤੀ ਕਿਸਾਨਾਂ ਵਿਚ ਸਖਤ ਰੋਸ ਹੈ।ਜ਼ਿਕਰਯੋਗ ਹੈ ਕਿ ਬਾਦਸ਼ਾਹਪੁਰ ਦੇ 20-25 ਏਕੜ ਰਕਬੇ ਵਿਚ ਗਰੀ਼ਬ ਕਿਸਾਨਾਂ ਵਲੋਂ ਦੋ ਦੋ ਚਾਰ ਚਾਰ ਕਿੱਲੇ ਠੇਕੇ ਉਤੇ ਲੈ ਕੇ ਲਾਇਆ ਗਿਆ ਝੋਨਾ ਸੀਜ਼ਨ ਦੀ ਪਿਛਲੀ ਬਾਰਸ਼ ਨਾਲ ਡੁੱਬ ਗਿਆ ਸੀ ਤੇ ਦੂਜੀ ਵਾਰ ਲਾਇਆ ਗਿਆ ਝੋਨਾ ਫਿਰ ਡੁੱਬ ਗਿਆ ਹੈ।
ਡੁੱਬੇ ਹੋਏ ਝੋਨੇ ਵਿਚੋਂ ਪਾਈਪਾਂ ਨਾਲ ਪਾਣੀ ਦੀ ਨਿਕਾਸੀ ਲਈ ਜੱਦੋਜਹਿਦ ਕਰ ਰਹੇ ਕਿਸਾਨ ਦਿਲਾ ਰਾਮ, ਬਲਰਾਜ ਸਿੰਘ ਬੱਲਾ, ਰਣਜੀਤ, ਬਾਰਾ ਸਿੰਘ ਆਦਿ ਨੇ ਦੱਸਿਆ ਕਿ ਬਾਦਸ਼ਾਹਪੁਰ ਮੰਡੀ ਦਾ ਸਾਰਾ ਪਾਣੀ ਇਕੱਠਾ ਹੋਣ ਨਾਲ ਝੋਨਾ ਡੁੱਬ ਗਿਆ ਹੈ ਜਿਸ ਦੀ ਲਵਾਈ ਲਈ ਜਿਥੇ ਦੂਹਰੀ ਮਜ਼ਦੂਰੀ ਲਾਈ ਗਈ ਸੀ ਉਥੇ 2 ਹਜ਼ਾਰ ਮਰਲੇ ਦੇ ਹਿਸਾਬ ਪਨੀਰੀ ਮੁੱਲ ਲਾ ਕੇ ਝੋਨੇ ਦੀ ਦੁਬਾਰਾ ਆਸ ਬੱਝੀ ਸੀ। ਪੀੜਤ ਕਿਸਾਨਾਂ ਨੇ ਕਿਹਾ ਕਿ ਜੇ ਮਾਰੀ ਗਈ ਫਸਲ ਦੀ ਸਰਕਾਰ ਨੇ ਭਰਪਾਈ ਨਾ ਕੀਤੀ ਤਾਂ ਉਹ ਤਬਾਹ ਜਾਣਗੇ।
ਖਰਾਬੇ ਦਾ ਮੁਆਵਜ਼ਾ ਦਿੱਤਾ ਜਾਵੇਗਾ: ਐੱਸਡੀਐੱਮ
ਐੱਸਡੀਐੱਮ ਪਾਤੜਾਂ ਪਾਲਿਕਾ ਅਰੋੜਾ ਨੇ ਕਿਹਾ ਕਿ ਬਾਰਸ਼ ਨਾਲ ਖਰਾਬ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਪਟਵਾਰੀਆਂ ਦੀ ਡਿਊਟੀ ਲਗਾਈ ਗਈ ਹੈ। ਬਾਦਸ਼ਾਹਪੁਰ ਵਿੱਚ ਨਿਕਾਸੀ ਦੀਆਂ ਪਾਈਪਾਂ ਪਾਉਣ ਸਬੰਧੀ ਉਨ੍ਹਾਂ ਕਿਹਾ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।