ਈਨਾਬਾਜਵਾ ਮੰਡੀ ’ਚ ਝੋਨੇ ਦੀ ਖਰੀਦ ਬੰਦ; ਕਿਸਾਨ ਪ੍ਰੇਸ਼ਾਨ
ਬੀਰਬਲ ਰਿਸ਼ੀ
ਸ਼ੇਰਪੁਰ, 11 ਨਵਬੰਰ
ਮਾਰਕੀਟ ਕਮੇਟੀ ਸ਼ੇਰਪੁਰ ਦੇ ਖਰੀਦ ਕੇਂਦਰ ਈਨਾਬਾਜਵਾ ਵਿੱਚ ਖ਼ਰੀਦ ਬੰਦ ਕੀਤੇ ਜਾਣ ਤੋ ਪ੍ਰੇਸ਼ਾਨ ਕਿਸਾਨਾਂ ਨੇ ਇਸ ਮੰਡੀ ਨੂੰ ਹਾਲੇ ਕੁਝ ਸਮਾਂ ਹੋਰ ਚਾਲੂ ਰੱਖਣ ਦੀ ਮੰਗ ਉਠਾਈ। ਯਾਦ ਰਹੇ ਕਿ ਉਕਤ ਮਾਰਕੀਟ ਕਮੇਟੀ ਦੀਆਂ ਤਿੰਨ ਮੰਡੀਆਂ ਈਨਾਬਾਜਵਾ, ਕੁੰੜਭਵਾਲ ਅਤੇ ਬਾਦਸ਼ਾਹਪੁਰ ’ਚ ਖਰੀਦ ਬੰਦ ਕਰਨ ਸਬੰਧੀ ਮਾਰਕੀਟ ਕਮੇਟੀ ਨੂੰ ਪੰਜਾਬ ਮੰਡੀ ਬੋਰਡ ਵੱਲੋਂ ਲਿਖਤੀ ਹਦਾਇਤਾਂ ਆਈਆਂ ਸਨ। ਈਨਾਬਾਜਵਾ ਮੰਡੀ ਵਿੱਚ ਝੋਨੇ ਦੀ ਫਸਲ ਲਿਆਉਂਦੇ ਝਲੂਰ ਪਿੰਡ ਦੇ ਕਿਸਾਨ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਉਸ ਦੇ ਖੇਤ ਦੇ ਇੱਕ ਹਿੱਸੇ ਵਿੱਚ ਝੋਨਾ ਹਾਲੇ ਖੜ੍ਹਾ ਹੈ ਪਰ ਖ਼ਰੀਦ ਬੰਦ ਹੋਣ ਕਾਰਨ ਉਸ ਸਮੇਤ ਕੁਝ ਹੋਰ ਛੋਟੇ ਕਿਸਾਨਾਂ ਨੂੰ ਵੱਡੀ ਸਮੱਸਿਆ ਆਵੇਗੀ। ਉਧਰ ਮਾਰਕੀਟ ਕਮੇਟੀ ਨੂੰ ਬਾਅਦ ਵਿੱਚ ਜਾਰੀ ਹੋਏ ਦੂਜੇ ਪੱਤਰ ਵਿੱਚ ਕੁੰਭੜਵਾਲ ਤੇ ਬਾਦਸ਼ਾਹਪੁਰ ਦੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖ਼ਰੀਦ ਚਾਲੂ ਰੱਖੇ ਜਾਣ ਸਬੰਧੀ ਹੁਕਮ ਹੋਣ ਦੀ ਮਾਰਕੀਟ ਕਮੇਟੀ ਸ਼ੇਰਪੁਰ ਡੀਨਪਾਲ ਨੇ ਪੁਸ਼ਟੀ ਕੀਤੀ ਪਰ ਈਨਾਬਾਜਵਾ ਮੰਡੀ ਹਾਲੇ ਮੁੜ ਚਾਲੂ ਨਹੀਂ ਕੀਤੀ ਗਈ।
ਉਧਰ ਪਿੰਡ ਬਾਲੀਆਂ ਵਿੱਚ ਬੀਕੇਯੂ ਡਕੌਂਦਾ ਵਿੱਚ ਵੱਧ ਤੋਲ ਫੜੇ ਜਾਣ ਦੇ ਮਾਮਲੇ ਵਿੱਚ ਇੱਕ ਆੜ੍ਹਤੀ ਨੂੰ ਕਾਰਨ ਦੱਸੋ ਨੋਟਿਸ ਦੇ ਕੇ 12 ਨਵੰਬਰ ਤੱਕ ਜਵਾਬ ਮੰਗਿਆ ਹੈ ਜਿਸ ਦੀ ਪੁਸ਼ਟੀ ਸੁਪਰਵਾਈਜ਼ਰ ਕਰਮਜੀਤ ਸਿੰਘ ਨੇ ਕੀਤੀ। ਸ਼ੇਰਪੁਰ ਦੇ ਖ਼ਰੀਦ ਕੇਂਦਰ ਵਿੱਚ ਵੱਧ ਵਜ਼ਨ ਤੋਲਣ ਵਾਲੇ ਆੜ੍ਹਤੀਆਂ ਵਿਰੁੱਧ ਲੰਬੀ ਉਡੀਕ ਮਗਰੋਂ ਆਖਿਰ ਮਾਰਕੀਟ ਕਮੇਟੀ ਨੇ ਕਾਰਵਾਈ ਕਰਦਿਆਂ ਕੁਝ ਆੜ੍ਹਤੀਆਂ ਨੂੰ ਜੁਰਮਾਨੇ ਕੀਤੇ ਹਨ।