For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਖ਼ਰੀਦ: ਸੰਯਕੁਤ ਕਿਸਾਨ ਮੋਰਚੇ ਵੱਲੋਂ ਚਾਰ ਘੰਿਟਆਂ ਲਈ ਸੜਕਾਂ ਜਾਮ

10:21 AM Oct 26, 2024 IST
ਝੋਨੇ ਦੀ ਖ਼ਰੀਦ  ਸੰਯਕੁਤ ਕਿਸਾਨ ਮੋਰਚੇ ਵੱਲੋਂ ਚਾਰ ਘੰਿਟਆਂ ਲਈ ਸੜਕਾਂ ਜਾਮ
ਪਟਿਆਲਾ ’ਚ ਮੋਤੀ ਮਹਿਲ ਅੱਗੇ ਧਰਨੇ ’ਤੇ ਬੈਠੇ ਕਿਸਾਨ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਕਿਸਾਨਾਂ ਵੱਲੋਂ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਜਾਮ ਲਗਾਇਆ ਗਿਆ। ਧਰਨੇ ਵਿੱਚ ਆੜ੍ਹਤੀ ਅਤੇ ਸ਼ੈੱਲਰ ਮਾਲਕ ਵੀ ਸ਼ਾਮਲ ਹੋਏ।
ਇਸ ਮੌਕੇ ਭਾਕੇਯੂ ਬੁਰਜਗਿੱਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਭਾਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ, ਭਾਕੇਯੂ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਸਿੰਗਲਾ, ਮਹੇਸ਼ ਕੁਮਾਰ ਵਰਮਾ ਅਤੇ ਸ਼ਮਸ਼ੇਰ ਸਿੰਘ ਤੂਰ ਨੇ ਕਿਹਾ ਕਿ ਅੱਜ ਝੋਨੇ ਦੀ ਖ਼ਰੀਦ ਦੇ ਪੁਖਤਾ ਪ੍ਰਬੰਧਾਂ ਦੀ ਮੰਗ ਲਈ ਸੂਬੇ ਭਰ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਖੁਆਰ ਕਰ ਰਹੀਆਂ ਹਨ।

Advertisement

ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੁੱਖ ਮੰਤਰੀ ਦਫ਼ਤਰ ਅੱਗੇ ਲਗਾਏ ਪੱਕੇ ਧਰਨੇ ’ਤੇ ਬੈਠੇ ਕਿਸਾਨ।

ਰਾਜਪੁਰਾ (ਦਰਸ਼ਨ ਸਿੰਘ ਮਿੱਠਾ):

Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਰਾਜਪੁਰਾ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਥਾਈਂ ਧਰਨੇ ਲਾਏ। ਨਵੀਂ ਅਨਾਜ ਮੰਡੀ ਦੇ ਸਾਹਮਣੇ ਰਾਜਪੁਰਾ-ਪਟਿਆਲ਼ਾ ਮਾਰਗ ’ਤੇ ਪ੍ਰੇਮ ਸਿੰਘ ਭੰਗੂ, ਗੁਰਬਿੰਦਰ ਸਿੰਘ ਧੁੰਮਾ, ਹਰਿੰਦਰ ਸਿੰਘ ਲਾਖਾ ਦੀ ਅਗਵਾਈ ਹੇਠ ਲਗਾਏ ਧਰਨੇ ‘ਚ ਸੂਬਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਗਗਨ ਚੌਕ ਰਾਜਪੁਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ਼ ਤੇ ਚੜੂਨੀ ਗਰੁੱਪ ਨੇ ਧਰਨਾ ਲਗਾ ਕੇ ਰੋਡ ਜਾਮ ਕੀਤਾ। ਇਸ ਮੌਕੇ ਕਿਸਾਨ ਆਗੂ ਲਸ਼ਕਰ ਸਿੰਘ, ਹਜ਼ੂਰਾ ਸਿੰਘ, ਲਖਵਿੰਦਰ ਸਿੰਘ ਖ਼ਾਨਪੁਰ ਆਦਿ ਵੀ ਮੌਜੂਦ ਸਨ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ):

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਲਾਕ ਭੁਨਰਹੇੜੀ ਦੀ ਦੁਧਨਸਾਧਾਂ ਅਨਾਜ ਮੰਡੀ ਦੇ ਸਾਹਮਣੇ ਪਟਿਆਲਾ-ਪਹੇਵਾ ਮਾਰਗ ਉੱਪਰ ਸਵੇਰੇ 11 ਤੋਂ 3 ਵਜੇ ਤੱਕ ਧਰਨਾ ਲਗਾ ਕੇ ਜਾਮ ਲਗਾਇਆ ਗਿਆ। ਇਸ ਮੌਕੇ ਨਰਿੰਦਰ ਸਿੰਘ ਲੇਹਲਾਂ, ਸੁਖਵਿੰਦਰ ਸਿੰਘ ਲਾਲੀ, ਬੂਟਾ ਸਿੰਘ ਸ਼ਾਦੀਪੁਰ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮੰਡੀਆਂ ਵਿੱਚ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਅਤੇ ਡੀਏਪੀ ਜਲਦ ਤੋਂ ਜਲਦ ਸੁਸਾਇਟੀਆਂ ਵਿੱਚ ਭੇਜਣੀ ਦੀ ਮੰਗ ਕੀਤੀ।

ਸਮਾਣਾ (ਸੁਭਾਸ਼ ਚੰਦਰ):

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਸਮਾਣਾ-ਭਵਾਨੀਗੜ੍ਹ ਸੜਕ ’ਤੇ ਅਨਾਜ ਮੰਡੀ ਦੇ ਸਾਹਮਣੇ ਧਰਨਾ ਲਗਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਅਤੇ ਚੁਕਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸੜਕ ’ਤੇ ਵਾਹਨਾਂ ਦੀ ਲੰਮੀਆਂ ਕਤਾਰਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ):

ਝੋਨੇ ਦੀ ਖ਼ਰੀਦ ਅਤੇ ਡੀਏਪੀ ਦੀ ਘਾਟ ਦੇ ਮਾਮਲੇ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਗਰੂਰ-ਬਠਿੰਡਾ ਹਾਈਵੇਅ ’ਤੇ ਪਿੰਡ ਬਹਾਦਰਪੁਰ ਦੀ ਮੰਡੀ ਅੱਗੇ ਸਰਕਾਰ ਖ਼ਿਲਾਫ਼ ਕਿਸਾਨਾਂ ਵੱਲੋਂ ਚਾਰ ਘੰਟੇ ਸੜਕ ਜਾਮ ਕੀਤੀ ਗਈ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਮਸਲਿਆਂ ਨੂੰ ਫੌਰੀ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਆਗੂ ਹਰਦੇਵ ਸਿੰਘ ਬਖਸੀਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਆਦਿ ਨੇ ਕਿਹਾ ਕਿ ਝੋਨੇ ਦੀ ਖਰੀਦ ਦੀ ਸਮੱਸਿਆ ਲਈ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਤੇ ਕਿਸੇ ਹੱਦ ਤਕ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ।

ਧੂਰੀ (ਬੀਰਬਲ ਰਿਸ਼ੀ):

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਤੇ ਝੋਨੇ ਦੀ ਬੇਕਦਰੀ ਦਾ ਨੋਟਿਸ ਲੈਂਦਿਆਂ ਅੱਜ ਦੁਪਹਿਰ 12 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਅਣਮਿੱਥੇ ਸਮੇਂ ਤੱਕ ਦਾ ਪੱਕਾ ਧਰਨਾ ਲਗਾ ਕੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਯਾਦ ਰਹੇ ਕਿ ਧੂਰੀ ਬਲਾਕ ਜਥੇਬੰਦੀ ਵੱਲੋਂ ਮੁੱਖ ਮੰਤਰੀ ਦਫ਼ਤਰ ਅੱਗੇ ਪੱਕਾ ਧਰਨਾ ਸ਼ੁਰੂ ਕਰਨ ਦਾ ਫ਼ੈਸਲਾ ਕੱਲ੍ਹ ਹੀ ਜਥੇਬੰਦੀ ਦੀ ਅਹਿਮ ਮੀਟਿੰਗ ਦੌਰਾਨ ਲਿਆ ਗਿਆ ਸੀ। ਜਥੇਬੰਦੀ ਦੇ ਸੰਗਰੂਰ, ਭਵਾਨੀਗੜ੍ਹ, ਸੁਨਾਮ, ਮੂਨਕ, ਦਿੜ੍ਹਬਾ, ਲਹਿਰਾਗਾਗਾ ਵਿੱਚ ਪੱਕੇ ਧਰਨੇ ਚੱਲ ਰਹੇ ਹਨ ਅਤੇ ਅੱਜ ਦੇ ਧਰਨੇ ਮਗਰੋਂ ਹੁਣ ਜ਼ਿਲ੍ਹੇ ਅੰਦਰ ਲੱਗੇ ਧਰਨਿਆਂ ਦੀ ਗਿਣਤੀ 7 ਹੋ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਪੰਜ ਕਿਸਾਨ ਜਥੇਬੰਦੀਆਂ ਨੇ ਪਿੰਡ ਲੱਡਾ ਦੇ ਮੁੱਖ ਬੱਸ ਅੱਡੇ ’ਤੇ ਚਾਰ ਘੰਟਿਆਂ ਤੱਕ ਸੰਗਰੂਰ-ਲੁਧਿਆਣਾ ਮੁੱਖ ਮਾਰਗ ਰੋਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਆਗੂ ਲਖਵੀਰ ਲੱਖਾ ਬਾਲੀਆਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ 29 ਅਕਤੂਬਰ ਨੂੰ ਪੰਜਾਬ ਭਰ ਅੰਦਰ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਬੀਕੇਯੂ ਡਕੌਂਦਾ (ਧਨੇਰ) ਦੇ ਕਾਰਕੁਨਾਂ ਨੇ ਅੱਜ ਸ਼ੇਰਪੁਰ ਵਿੱਚ ਕਾਤਰੋਂ ਚੌਕ ’ਚ ਚੱਕਾ ਜ਼ਾਮ ਕਰ ਕੇ ਸੂਬਾ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ):

ਝੋਨੇ ਦੀ ਖ਼ਰੀਦ ਅਤੇ ਡੀਏਪੀ ਦੀ ਘਾਟ ਦੇ ਮਾਮਲੇ ’ਤੇ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਕਿਸਾਨਾਂ ਨੇ ਸਥਾਨਕ ਟਰੱਕ ਯੂਨੀਅਨ ਚੌਕ ’ਚ ਧਰਨਾ ਦੇ ਕੇ 4 ਘੰਟੇ ਸੜਕ ਜਾਮ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਰੋਹਣੋ, ਬੀਕੇਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਚੌਂਦਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਕੁਲਵਿੰਦਰ ਸਿੰਘ ਭੂਦਨ, ਟਰੇਡ ਯੂਨੀਅਨ ਦੇ ਆਗੂ ਭਰਪੂਰ ਸਿੰਘ ਬੂਲਾਪੁਰ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦੀ ਸਮੱਸਿਆ ਲਈ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਅਤੇ ਪੰਜਾਬ ਸਰਕਾਰ ਦੀ ਗ਼ੈਰਜ਼ਿੰਮੇਵਾਰ ਪਹੁੰਚ ਜ਼ਿੰਮੇਵਾਰ ਹੈ।

ਲਹਿਰਾਗਾਗਾ (ਰਮੇਸ਼ ਭਾਰਦਵਾਜ):

ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਹਿਰਾਗਾਗਾ ਇਲਾਕੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਜਾਖਲ ਕੈਂਚੀਆਂ ’ਤੇ 11 ਤੋਂ ਲੈ ਕੇ 3 ਵਜੇ ਤੱਕ ਧਰਨਾ ਲਗਾ ਕੇ ਸੜਕ ਜਾਮ ਕੀਤੀ ਗਈ।

ਪਟਿਆਲਾ (ਸਰਬਜੀਤ ਸਿੰਘ ਭੰਗੂ):

ਝੋਨੇ ਦੀ ਖ਼ਰੀਦ ਅਤੇ ਚੁਕਾਈ ਦੀ ਸਮੱਸਿਆ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ 19 ਅਕਤੂਬਰ ਤੋਂ ਭਾਜਪਾ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਅੱਗੇ ਚੱਲ ਰਿਹਾ ਮੋਰਚਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ।

ਬੀਕੇਯੂ ਉਗਰਾਹਾਂ ਨੇ 9ਵੇਂ ਦਿਨ ਵੀ ਟੌਲ ਪਲਾਜ਼ਾ ਕਾਲਾਝਾੜ ਪਰਚੀ ਮੁਕਤ ਰੱਖਿਆ

ਭਵਾਨੀਗੜ੍ਹ ਵਿੱਚ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਅਤੇ ਆੜ੍ਹਤੀਏ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ):

ਝੋਨੇ ਦੀ ਹੋ ਰਹੀ ਦੁਰਦਸ਼ਾ ਖ਼ਿਲਾਫ਼ ਬੀਕੇਯੂ ਏਕਤਾ-ਉਗਰਾਹਾਂ ਵੱਲੋਂ ਅੱਜ 9ਵੇਂ ਦਿਨ ਵੀ ਟੌਲ ਪਲਾਜ਼ਾ ਕਾਲਾਝਾੜ ਨੂੰ ਪਰਚੀ ਮੁਫ਼ਤ ਕਰ ਕੇ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਸਕੱਤਰ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਪੁਖਤਾ ਪ੍ਰਬੰਧ ਅਤੇ ਡੀਏਪੀ ਖਾਦ ਦੀ ਘਾਟ ਪੂਰੀ ਕਰਨ ਸਣੇ ਅੱਠ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸਾਰੇ ਪੰਜਾਬ ਵਿੱਚ ਮੋਰਚੇ ਜਾਰੀ ਰਹਿਣਗੇ।

ਮੁੱਖ ਮੰਤਰੀ ਦਾ ਭਰੋਸਾ ਵੀ ਕਿਸਾਨਾਂ ਦੇ ਕੰਮ ਨਾ ਆਇਆ: ਨਹਿਲਗੜ੍ਹ

ਪਾਤੜਾਂ (ਗੁਰਨਾਮ ਸਿੰਘ ਚੌਹਾਨ):

ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਦਿੱਲੀ-ਸੰਗਰੂਰ ਕੌਮੀ ਮਾਰਗ ’ਤੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਚੱਕਾ ਜ਼ਾਮ ਕੀਤਾ ਗਿਆ। ਕਿਸਾਨ ਆਗੂਆਂ ਬਲਦੇਵ ਸਿੰਘ ਨਹਿਲਗੜ੍ਹ, ਗੁਰਵਿੰਦਰ ਸਿੰਘ ਦੇਧਨਾ ਅਤੇ ਸੁਖਦੇਵ ਸਿੰਘ ਹਰਿਆਊ ਨੇ ਕਿਹਾ ਐੱਸਕੇਐੱਮ ਦੀ 19 ਅਕਤੂਬਰ ਦੀ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿਵਾਇਆ ਸੀ ਕਿ ਦੋ ਦਿਨਾਂ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਅਜੇ ਤਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਵਿਚ ਕਿਸਾਨ ‘ਆਪ’ ਦਾ ਬਾਈਕਾਟ ਕਰਨਗੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ‘ਆਪ’ ਦੇ ਵਿਧਾਇਕਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਤੋਂ ਇਲਾਵਾ 29 ਅਕਤੂਬਰ ਨੂੰ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।

ਮੰਤਰੀ ਗੋਇਲ ਦੇ ਦਫ਼ਤਰ ਅੱਗੇ ਧਰਨਾ ਅੱਠਵੇਂ ਦਿਨ ਵੀ ਜਾਰੀ

ਲਹਿਰਾਗਾਗਾ (ਰਮੇਸ਼ ਭਾਰਦਵਾਜ):

ਇੱਥੇ ਬੀਕੇਯੂ ਏਕਤਾ-ਉਗਰਾਹਾ ਬਲਾਕ ਲਹਿਰਾਗਾਗਾ ਦੀ ਤਰਫੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਅੱਠਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੇ ਬਲਾਕ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭਟਾਲ ਖੁਰਦ ਅਤੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਹੋ ਰਹੀ ਖੁਆਰੀ ਨੂੰ ਨਹੀਂ ਦੇਖ ਰਹੀ। ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਹਿਰਾਗਾਗਾ ਇਲਾਕੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਜਾਖਲ ਕੈਂਚੀਆਂ ’ਤੇ 11 ਤੋਂ ਲੈ ਕੇ 3 ਵਜੇ ਤੱਕ ਧਰਨਾ ਲਗਾ ਕੇ ਸੜਕ ਜਾਮ ਕੀਤੀ ਗਈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀ ਚੁਕਾਈ ਛੇਤੀ ਤੋਂ ਛੇਤੀ ਕੀਤੀ ਜਾਵੇ 126 ਝੋਨੇ ਦੀ ਪੂਰੀ ਕੀਮਤਾਂ ਐੱਮਐੱਸਪੀ ’ਤੇ ਖਰੀਦ ਕੀਤੀ ਜਾਵੇ, ਡੀਏਪੀ ਦਾ ਪ੍ਰਬੰਧ ਕਰਨ ਸਣੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ।

Advertisement
Author Image

joginder kumar

View all posts

Advertisement