ਝੋਨੇ ਦੀ ਖ਼ਰੀਦ: ਕਿਸਾਨਾਂ ਨੇ ਮੱਲਿਆ ਜੱਸੀ ਪੌ ਵਾਲੀ ਚੌਕ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਅਕਤੂਬਰ
ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਜੱਸੀ ਪੌ ਵਾਲੀ ਚੌਕ ਵਿੱਚ ਬੇਮਿਆਦੀ ਧਰਨਾ ਦਿੱਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਧਰਨੇ ਦਾ ਮੰਤਵ ਝੋਨੇ ਦੀ ਖਰੀਦ ਅਤੇ ਮੰਡੀਆਂ ’ਚੋਂ ਚੁਕਵਾਈ ਨੂੰ ਗਤੀਸ਼ੀਲ ਬਣਾਉਣਾ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਸਰਕਾਰ ਕਿਸੇ ਕਿਸਮ ਦੀ ਕੋਈ ਕਾਰਵਾਈ ਨਾ ਕਰੇ। ਉਨ੍ਹਾਂ ਸਰਕਾਰ ਨੂੰ ਉਲਾਂਭਾ ਦਿੱਤਾ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਜਿੰਨੀ ਤੇਜ਼ੀ ਨਾਲ ਪ੍ਰਸ਼ਾਸਨ ਕਾਰਵਾਈ ਕਰਦਾ ਹੈ, ਕਿਤੇ ਇੰਨੀ ਫੁਰਤੀ ਝੋਨੀ ਦੀ ਖਰੀਦ ਪ੍ਰਤੀ ਦਿਖਾਈ ਹੁੰਦੀ ਤਾਂ ਹੁਣ ਕਦੋਂ ਦੀਆਂ ਮੰਡੀਆਂ ਖਾਲੀ ਹੋ ਜਾਣੀਆਂ ਸਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ। ਗੌਰਤਲਬ ਹੈ ਕਿ ਮੌੜ, ਮਾਨਸਾ, ਬੁਢਲਾਡਾ, ਭੀਖੀ, ਤਲਵੰਡੀ ਸਾਬੋ ਅਤੇ ਰਾਮਾ ਮੰਡੀ ਨੂੰ ਬਠਿੰਡਾ ਨਾਲ ਮਿਲਾਉਣ ਵਾਲੀਆਂ ਸੜਕਾਂ ਇਸੇ ਚੌਕ ਤੋਂ ਲੰਘਦੀਆਂ ਹਨ। ਚੌਕ ’ਚ ਧਰਨਾ ਲੱਗਾ ਹੋਣ ਕਰਕੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਨੇ ਰਾਹਗੀਰਾਂ ਨੂੰ ਕਈ-ਕਈ ਕਿਲੋਮੀਟਰ ਦਾ ਵੱਧ ਪੈਂਡਾ ਤੈਅ ਕਰਵਾ ਕੇ ਸੁਰੱਖਿਅਤ ਲਿੰਕ ਸੜਕਾਂ ਰਾਹੀਂ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਾਇਆ।
ਬੀਕੇਯੂ ਕ੍ਰਾਂਤੀਕਾਰੀ ਵੱਲੋਂ ਪਿੰਡ ਡਗਰੂ ਫਾਟਕ ’ਚ ਪੱਕਾ ਧਰਨਾ
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ’ਚ ਝੋਨੇ ਦੀ ਨਿਰਵਿਘਨ ਖਰੀਦ ਅਤੇ ਅਨਾਜ ਮੰਡੀਆਂ ਵਿੱਚੋਂ ਚੁਕਾਈ ਨਾ ਹੋਣ ਅਤੇ ਫ਼ਸਲ ਦੀ ਬੇਕਦਰੀ ਖ਼ਿਲਾਫ਼ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਮੋਗਾ-ਫ਼ਿਰੋਜਪੁਰ ਕੌਮੀ ਸ਼ਾਹਮਾਰਗ ਪਿੰਡ ਡਗਰੂ ਫਾਟਕ ’ਤੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਜਦੋਂਕਿ ਇਸੇ ਮਾਰਗ ਉੱਤੇ ਪਿੰਡ ਦਾਰਾਪੁਰ ਸਥਿਤ ਟੌਲ ਪਲਾਜ਼ਾ ਉੱਤੇ ਬੀਕੇਯੂ ਏਕਤਾ ਉਗਰਾਹਾਂ ਦਾ 7ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਬੀਕੇਯੂ (ਏਕਤਾ-ਉਗਰਾਹਾਂ) ਦੇ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਜਿੰਨਾ ਚਿਰ ਕਿਸਾਨੀ ਮੰਗਾਂ ਦਾ ਹੱਲ ਨਹੀਂ ਹੁੰਦਾ, ਇਹ ਸੰਘਰਸ਼ ਜਾਰੀ ਰਹੇਗਾ। ਪਿੰਡ ਡਗਰੂ ਵਿੱਚ ਲੱਗੇ ਧਰਨੇ ਕਾਰਨ ਫ਼ਰੀਦਕੋਟ, ਫ਼ਿਰੋਜਪੁਰ ਤੇ ਫਾਜ਼ਿਲਕਾ ਤੋਂ ਆਉਣ ਵਾਲੇ ਟਰੈਫ਼ਿਕ ਕਾਰਨ ਲੋਕਾਂ ਨੂੰ ਪਿੰਡਾਂ ਵਿਚਲੀਆਂ ਲਿੰਕ ਸੜਕਾਂ ਰਾਹੀਂ ਆਪਣੀ ਮੰਜ਼ਿਲਾਂ ਵੱਲ ਜਾਣਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਅਤੇ ਐਂਬੂਲੈਂਸ ਨੂੰ ਲੰਘਣ ਦੀ ਛੋਟ ਦਿੱਤੀ ਗਈ ਹੈ। ਬੀਕੇਯੂ ਕ੍ਰਾਂਤੀਕਾਰੀ ਸੂਬਾ ਆਗੂ ਬਲਦੇਵ ਸਿੰਘ ਜ਼ੀਰਾ, ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਰੋਡੇ ਅਤੇ ਜਗਮੋਹਣ ਸਿੰਘ ਨੇ ਕਿਹਾ ਜਦੋਂ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।