For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਖ਼ਰੀਦ: ‘ਆਪ’ ਤੇ ਭਾਜਪਾ ਆਗੂਆਂ ਦੇ ਦਰਾਂ ਅੱਗੇ ਡਟੇ ਕਿਸਾਨ

09:10 AM Oct 20, 2024 IST
ਝੋਨੇ ਦੀ ਖ਼ਰੀਦ  ‘ਆਪ’ ਤੇ ਭਾਜਪਾ ਆਗੂਆਂ ਦੇ ਦਰਾਂ ਅੱਗੇ ਡਟੇ ਕਿਸਾਨ
ਮਾਨਸਾ ਵਿਖੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਅੱਗੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ ਜਗਸੀਰ ਸਿੰਘ ਜਵਾਹਰਕੇ। -ਫੋਟੋ: ਸੁਰੇਸ਼
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਨਿਰਵਿਘਨ ਖਰੀਦ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਕਿਸਾਨ ਅੱਜ ਦੂਜੇ ਦਿਨ ਵੀ ਸੂਬੇ ਵਿੱਚ ‘ਆਪ’ ਦੇ 17 ਮੰਤਰੀਆਂ ਤੇ 6 ਵਿਧਾਇਕਾਂ ਅਤੇ ਭਾਜਪਾ ਦੇ 2 ਆਗੂਆਂ ਦੇ ਘਰਾਂ ਮੂਹਰੇ ਪੱਕੇ ਮੋਰਚਿਆਂ ’ਤੇ ਡਟੇ ਰਹੇ ਜਦੋਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤੀਜੇ ਦਿਨ ਵੀ ਸੂਬੇ ਦੇ 25 ਟੌਲ ਪਲਾਜ਼ੇ ਪਰਚੀ ਮੁਕਤ ਰੱਖੇ ਗਏ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਅੱਜ ਸੂਬੇ ਵਿੱਚ ਲਗਪਗ 50 ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਦਿਆਂ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਨਹੀਂ ਕੀਤੀ ਜਾਂਦੀ, ਉੱਦੋਂ ਤੱਕ ਕਿਸਾਨਾਂ ਵੱਲੋਂ ਲਾਏ ਪੱਕੇ ਮੋਰਚੇ ਜਾਰੀ ਰਹਿਣਗੇ।
ਅੱਜ ਪੰਜਾਬ ਵਿੱਚ ਵੱਖ-ਵੱਖ ਥਾਈਂ ਕਿਸਾਨ ਦੇ ਧਰਨਿਆਂ ਨੂੰ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ ਤੇ ਜਗਤਾਰ ਸਿੰਘ ਕਾਲਾਝਾੜ ਆਦਿ ਆਗੂਆਂ ਨੇ ਸੰਬੋਧਨ ਕੀਤਾ। ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਦੀ ਮੰਡੀਆਂ ਵਿੱਚ ਝੋਨੇ ਦੀ ਐੱਮਐੱਸਪੀ ’ਤੇ ਨਿਰਵਿਘਨ ਖਰੀਦ ਚਾਲੂ ਕੀਤੀ ਜਾਵੇ। ਆਗੂਆਂ ਨੇ ਮੰਡੀ ਮਜ਼ਦੂਰਾਂ ਦੀ ਉਜਰਤ ਉਨ੍ਹਾਂ ਦੀ ਮੰਗ ਅਨੁਸਾਰ ਮਿੱਥਣ ਦੀ ਮੰਗ ਵੀ ਕੀਤੀ। ਕਿਸਾਨ ਯੂਨੀਅਨ ਨੇ ਲੰਘੇ ਦਿਨ ਮੁਹਾਲੀ ਪੁਲੀਸ ਵੱਲੋਂ ਈਟੀਟੀ 2364 ਅਧਿਆਪਕ ਯੂਨੀਅਨ ਦੇ ਆਗੂਆਂ ਦੀ ਕੁੱਟਮਾਰ ਕਰਨ ਦੀ ਨਿਖੇਧੀ ਵੀ ਕੀਤੀ।

Advertisement

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਐੱਸਕੇਐੱਮ ਦੀ ਹਮਾਇਤ

ਜਲੰਧਰ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਵੱਲੋਂ ਝੋਨੇ ਦੀ ਖਰੀਦ ਲਈ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਪੇਂਡੂ ਮਜ਼ਦੂਰਾਂ ਨੂੰ ਇਸ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਤੇ ‘ਆਪ’ ਦੀ ਪੰਜਾਬ ਸਰਕਾਰ ਵੱਲੋਂ ਸੂਬੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਦੁਸ਼ਮਣਾਂ ਵਰਗੇ ਸਲੂਕ ਕਾਰਨ ਪੰਜਾਬ ਦਾ ਖੇਤੀ ਸੈਕਟਰ ਸੰਕਟ ਵਿੱਚ ਫਸ ਗਿਆ ਹੈ। ਕਿਸਾਨ, ਸ਼ੈੱਲਰ ਮਾਲਕ, ਆੜ੍ਹਤੀਏ ਤੇ ਮੰਡੀ ਮਜ਼ਦੂਰ ਹਾਕਮਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ।

Advertisement

ਬੀਕੇਯੂ ਦੋਆਬਾ ਵੱਲੋਂ 21 ਤੋਂ ਚੱਕਾ ਜਾਮ ਕਰਨ ਦਾ ਐਲਾਨ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਝੋਨੇ ਦੀ ਖਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ 21 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੰਜਾਬ ਪ੍ਰੈੱਸ ਕਲੱਬ ਵਿੱਚ ਬੀਬੀਕੇਯੂ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸਕੱਤਰ ਜਨਰਲ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ 21 ਅਕਤੂਬਰ ਨੂੰ ਸਵੇਰੇ 10 ਵਜੇ ਫਗਵਾੜਾ ’ਚ ਗੰਨਾ ਮਿੱਲ ਨੇੜੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀਆਂ ਢੇਰੀਆਂ ਲੱਗੀਆਂ ਪਈਆਂ ਹਨ ਤੇ ਹੋਰ ਜਿਣਸ ਸੁੱਟਣ ਲਈ ਜਗ੍ਹਾ ਨਹੀਂ ਹੈ। ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ ਦੇ ਰਾਹ ਪਈ ਹੋਈ ਹੈ। ਇਸ ਮੌਕੇ ਆਗੂਆਂ ਨੇ ਸ਼ੈੱਲਰਾਂ ਵਾਲਿਆਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਦਾ ਪਰਦਾਫਾਸ਼ ਕਰਨ ਦੀ ਚਿਤਾਵਨੀ ਵੀ ਦਿੱਤੀ।

Advertisement
Author Image

Advertisement