For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਖ਼ਰੀਦ: ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ‘ਬੰਦ’ ਦਾ ਐਲਾਨ

07:57 AM Oct 02, 2024 IST
ਝੋਨੇ ਦੀ ਖ਼ਰੀਦ  ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ‘ਬੰਦ’ ਦਾ ਐਲਾਨ
ਜਗਰਾਉਂ ਮੰਡੀ ’ਚ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਇੱਕ ਆੜ੍ਹਤੀ ਆਗੂ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਕਤੂਬਰ
ਇੱਕ ਪਾਸੇ ਅੱਜ ਪਹਿਲੀ ਅਕਤੂਬਰ ਤੋਂ ਸਰਕਾਰ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ, ਪਰ ਦੂਜੇ ਪਾਸੇ ਏਸ਼ੀਆ ਦੀ ਜਗਰਾਉਂ ’ਚ ਸਥਿਤ ਦੂਜੀ ਸਭ ਤੋਂ ਵੱਡੀ ਮੰਡੀ ’ਚ ਆੜ੍ਹਤੀਆਂ ਤੇ ਗੱਲਾ ਮਜ਼ਦੂਰਾਂ ਨੇ ਹੜਤਾਲ ਕਰਕੇ ਇਹ ਖ਼ਰੀਦ ‘ਬੰਦ’ ਕਰ ਦਿੱਤੀ। ਆੜ੍ਹਤੀ ਐਸੋਸੀਏਸ਼ਨ ਤੇ ਗੱਲਾ ਮਜ਼ਦੂਰ ਯੂਨੀਅਨ ਨੇ ਖਰੀਦ ਦਾ ਬਾਈਕਾਟ ਅਤੇ ਕੰਮ ਮੁਕੰਮਲ ਠੱਪ ਕਰ ਕੇ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਧਰਨਾ ਦਿੱਤਾ। ਇਸ ’ਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਇਨਕਲਾਬੀ ਕੇਂਦਰ ਨੇ ਵੀ ਸਾਥ ਦਿੱਤਾ। ਇਸ ਸਮੇਂ ਚੌਲ ਚੁੱਕਣ ਅਤੇ ਅੱਜ ਤੋਂ ਸ਼ੁਰੂ ਹੋਈ ਝੋਨੇ ਦੀ ਖ਼ਰੀਦ ਦੇ ਮੱਦੇਨਜ਼ਰ ਝੋਨਾ ਲਾਉਣ ਲਈ ਲੋੜੀਂਦੀ ਥਾਂ ਦਾ ਪ੍ਰਬੰਧਕ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਪ੍ਰਧਾਨ ਕਨ੍ਹੱਈਆ ਲਾਲ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਗੁਰਮੀਤ ਸਿੰਘ, ਜਤਿੰਦਰ ਸਿੰਘ ਚਚਰਾੜੀ, ਬਲਰਾਜ ਸਿੰਘ ਖਹਿਰਾ, ਭੂਸ਼ਣ ਕੁਮਾਰ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਦੇਵਰਾਜ, ਜਗਤਾਰ ਸਿੰਘ ਤਾਰੀ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਜਨੇਤਪੁਰਾ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਆੜ੍ਹਤੀ ਵਰਗ ਦੀ ਆੜ੍ਹਤ ਪ੍ਰਤੀ ਕੁਇੰਟਲ 46 ਰੁਪਏ ਕਰਨ, ਗੱਲਾ ਮਜ਼ਦੂਰਾਂ ਦੀ ਮਜ਼ਦੂਰੀ ’ਚ ਪੱਚੀ ਫ਼ੀਸਦੀ ਵਾਧਾ ਕਰਨ, ਸ਼ੈਲਰਾਂ ’ਚ ਪਿਛਲੇ ਸੀਜ਼ਨ ਦਾ ਪਿਆ ਚੌਲ ਚੁੱਕਣ ਅਤੇ ਅਗਲੇ ਸੀਜ਼ਨ ਲਈ ਥਾਂ ਖਾਲੀ ਕਰਨ, ਪੱਕੀਆਂ ਕੱਚੀਆਂ ਮੰਡੀਆਂ ’ਚ ਸੁਰੱਖਿਆ ਦਾ ਪੱਕਾ ਪ੍ਰਬੰਧ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ।
ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ਦੀ ਸੂਰਤ ’ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਿੰਦਰ ਮਨੀਲਾ, ਧਰਮਿੰਦਰ ਕੁਮਾਰ, ਚਰਨਜੀਤ ਸਿੰਘ, ਬਸਾਖਾ ਸਿੰਘ, ਕੁਲਦੀਪ ਸਹੋਤਾ, ਵੇਦ ਪ੍ਰਕਾਸ਼ ਤੇ ਦਰਸ਼ਨ ਗਿੱਲ ਆਗੂ ਹਾਜ਼ਰ ਸਨ।

Advertisement

ਮਾਛੀਵਾੜਾ: ਪਹਿਲੇ ਦਿਨ ਹੀ ਆੜ੍ਹਤੀਆਂ ਵੱਲੋਂ ਬਾਈਕਾਟ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸੂਬਾ ਸਰਕਾਰ ਵੱਲੋਂ ਅੱਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਦੂਜੇ ਪਾਸੇ ਮਾਛੀਵਾੜਾ ਅਨਾਜ ਮੰਡੀ ਵਿੱਚ ਆੜ੍ਹਤੀਆਂ ਨੇ ਖਰੀਦ ਬਾਈਕਾਟ ਦਾ ਐਲਾਨ ਕਰ ਦਿੱਤਾ। ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਆੜ੍ਹਤੀਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਸਰਕਾਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਉਹ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਕਰਨਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ੍ਰੀ ਕੁੰਦਰਾ ਨੇ ਕਿਹਾ ਕਿ ਸਰਕਾਰ ਵੱਲੋਂ ਫ਼ਸਲ ਖਰੀਦ ਦਾ ਕਮਿਸ਼ਨ 2.5 ਪ੍ਰਤੀਸ਼ਤ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ ਲੱਦਾਈ ਦਾ ਲੇਬਰ ਰੇਟ ਅਤੇ ਈਪੀਐੱਫ ਦੇ ਨਾਮ ’ਤੇ ਐੱਫਸੀਆਈ ਵੱਲੋਂ ਰੋਕੀ 50 ਕਰੋੜ ਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਹਨ, ਇਸ ਲਈ ਸਰਕਾਰ ਇਹ ਯਕੀਨੀ ਬਣਾਵੇ ਕਿ ਕਿਸਾਨਾਂ ਦੀ ਫ਼ਸਲ ਤੁਲਾਈ ਤੋਂ 72 ਘੰਟੇ ਵਿੱਚ ਇਸ ਦੀ ਢੋਆ-ਢੁਆਈ ਹੋਵੇਗੀ। ਉਨ੍ਹਾਂ ਕਿਹਾ ਕਿ 72 ਘੰਟੇ ਬਾਅਦ ਆੜ੍ਹਤੀ ਜ਼ਿੰਮੇਵਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ਦੀ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਕਾਰ ਨਾਲ ਮੰਗਾਂ ਸਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਤੇ ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਆੜ੍ਹਤੀ ਹੜਤਾਲ ’ਤੇ ਹਨ, ਉਦੋਂ ਤੱਕ ਉਹ ਫ਼ਸਲ ਮੰਡੀਆਂ ’ਚ ਵੇਚਣ ਲਈ ਨਾ ਲਿਆਉਣ। ਆੜ੍ਹਤੀਆਂ ਵੱਲੋਂ ਮੰਗਾਂ ਸਬੰਧੀ ਮਾਰਕੀਟ ਕਮੇਟੀ ਦਫ਼ਤਰ ਦੇ ਅਧਿਕਾਰੀਆਂ ਨੂੰ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਹਰਜਿੰਦਰ ਸਿੰਘ ਖੇੜਾ, ਤੇਜਿੰਦਰ ਸਿੰਘ ਕੂੰਨਰ, ਟਹਿਲ ਸਿੰਘ ਔਜਲਾ (ਸਾਰੇ ਸਾਬਕਾ ਪ੍ਰਧਾਨ), ਗੁਰਨਾਮ ਸਿੰਘ ਨਾਗਰਾ, ਤੇਜਿੰਦਰਪਾਲ ਰਹੀਮਾਬਾਦ, ਪ੍ਰਦੀਪ ਮਲਹੋਤਰਾ, ਐਡਵੋਕੇਟ ਕਪਿਲ ਆਨੰਦ, ਅਰਵਿੰਦਰਪਾਲ ਸਿੰਘ ਵਿੱਕੀ, ਨਿਤਿਨ ਜੈਨ, ਪ੍ਰਿੰਸ ਮਿੱਠੇਵਾਲ, ਰਾਜਵਿੰਦਰ ਸਿੰਘ ਸੈਣੀ, ਜਤਿਨ ਚੌਰਾਇਆ, ਪਰਮਿੰਦਰ ਤਿਵਾੜੀ, ਬਲਵਿੰਦਰ ਸਿੰਘ ਮਾਨ, ਪੁਨੀਤ ਜੈਨ, ਪ੍ਰਭਦੀਪ ਰੰਧਾਵਾ, ਵਿਨੀਤ ਜੈਨ, ਤੇਜਿੰਦਰਪਾਲ ਸਿੰਘ ਡੀ.ਸੀ., ਸ਼ਸ਼ੀ ਭਾਟੀਆ, ਰਾਜੀਵ ਕੌਸ਼ਲ, ਹਰਕੇਸ਼ ਨਹਿਰਾ, ਸੰਨੀ ਸੂਦ ਅਤੇ ਮਨੋਜ ਬਾਂਸਲ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement