ਝੋਨੇ ਦੀ ਖ਼ਰੀਦ: ਭਾਕਿਯੂ (ਡਕੌਂਦਾ) ਵੱਲੋਂ ਚੱਕਾ ਜਾਮ ਦੀ ਚਿਤਾਵਨੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਨਾਜ ਮੰਡੀ ’ਚ ਮਾਰਕੀਟ ਕਮੇਟੀ ਦਫ਼ਤਰ ਅੱਗੇ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਮਾਲਕਾਂ ਤੇ ਗੱਲਾ ਮਜ਼ਦੂਰਾਂ ਦੇ ਧਰਨੇ ’ਚ ਸ਼ਮੂਲੀਅਤ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਝੋਨੇ ਦੀ ਨਾ ਤਾਂ ਸਹੀ ਢੰਗ ਨਾਲ ਖਰੀਦ ਹੋ ਰਹੀ ਹੈ ਅਤੇ ਨਾ ਹੀ ਲਿਫਟਿੰਗ ਤੇ ਉਪਰੋਂ ਕਿਸਾਨਾਂ ਨੂੰ ਘੱਟ ਭਾਅ ’ਤੇ ਝੋਨਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਭਲਕ ਤਕ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ 24 ਅਕਤੂਬਰ ਨੂੰ ਰੋਸ ਵਜੋਂ ਚੱਕਾ ਜਾਮ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਜਗਰਾਉਂ ਸਮੇਤ ਇਲਾਕੇ ਦੀਆਂ ਅੱਧੀ ਦਰਜਨ ਮੰਡੀਆਂ ਦਾ ਦੌਰਾ ਵੀ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਸ੍ਰੀ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਭਰੋਸੇ ਦੇ ਬਾਵਜੂਦ ਤਿੰਨ ਦਿਨ ਬੀਤਣ ’ਤੇ ਵੀ ਅਨਾਜ ਮੰਡੀਆਂ ’ਚ ਝੋਨੇ ਦੀ ਖਰੀਦ ਤੇ ਮਾਲ ਦੀ ਚੁਕਾਈ ’ਚ ਕੋਈ ਫਰਕ ਨਹੀਂ ਪਿਆ। ਇਸੇ ਲਈ ਗੱਲਾਂ ਮਜ਼ਦੂਰਾਂ ਨੇ ਮੰਡੀ ਦਾ ਸਮੁੱਚਾ ਕੰਮ-ਕਾਜ ਠੱਪ ਕਰ ਕੇ ਧਰਨੇ ’ਚ ਸ਼ਮੂਲੀਅਤ ਕੀਤੀ। ਬਰਾਂਚ ਮੰਡੀਆਂ ’ਚ ਤਾਂ ਖਰੀਦ ਦਾ ਨਾਮ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ 23 ਅਕਤੂਬਰ ਸ਼ਾਮ ਤੱਕ ਲਿਫਟਿੰਗ ਦਾ ਕੰਮ ਸ਼ੁਰੂ ਨਾ ਹੋਣ ’ਤੇ 24 ਅਕਤੂਬਰ ਨੂੰ ਪੰਜਾਬ ਭਰ ’ਚ ਇੱਕ ਵਾਰ ਫਿਰ ਸੜਕਾਂ ਜਾਮ ਕੀਤੀਆਂ ਜਾਣਗੀਆਂ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਬਹਾਨੇ ਮੰਡੀਕਰਨ ਦਾ ਭੋਗ ਪਾਉਣਾ ਚਾਹੁੰਦੀਆਂ ਹਨ।
ਪਰਾਲੀ ਨਾ ਸਾੜਨ ਦੇ ਬਾਵਜੂਦ ਕੇਸ ਦਰਜ ਕਰਨ ਦੀ ਨਿਖੇਧੀ
ਪਿੰਡ ਭੰਮੀਪੁਰ ਕਲਾਂ ਦੇ ਜਿਸ ਕਿਸਾਨ ਸੁਖਦੇਵ ਸਿੰਘ ਖ਼ਿਲਾਫ਼ ਪੁਲੀਸ ਨੇ ਪਰਾਲੀ ਸਾੜਨ ਦਾ ਪਰਚਾ ਦਰਜ ਕੀਤਾ ਹੈ, ਉਸਦੇ ਖੇਤਾਂ ’ਚ ਅੱਜ ਬੀਕੇਯੂ (ਡਕੌਂਦਾ) ਦੇ ਕਿਸਾਨ ਕਾਰਕੁਨ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਪਹੁੰਚੇ। ਉਨ੍ਹਾਂ ਕਿਹਾ ਕਿ ਇਕ ਖੇਤ ’ਚ ਪਰਾਲੀ ਵੱਢ ਕੇ ਗੰਢਾਂ ਮਾਰਨ ਲਈ ਰੱਖੀ ਹੈ ਜਦਕਿ ਦੂਜੇ ਪਾਸੇ ਪਰਾਲੀ ਖੇਤ ’ਚ ਹੀ ਵਾਹੀ ਗਈ ਹੈ। ਉਨ੍ਹਾਂ ਭਲਕੇ ਇਸ ਮੁੱਦੇ ’ਤੇ ਪੁਲੀਸ ਅਧਿਕਾਰੀਆਂ ਨੂੰ ਮਿਲਣ ਦੀ ਗੱਲ ਕਹਿੰਦਿਆਂ ਦੱਸਿਆ ਕਿ ਪਤਾ ਨਹੀਂ ਕਿਸ ਤਰੀਕੇ ਨਾਲ ਇਹ ਝੂਠਾ ਪਰਚਾ ਦਰਜ ਹੋਇਆ ਹੈ, ਜੋ ਬਿਨਾਂ ਦੇਰੀ ਰੱਦ ਹੋਣਾ ਚਾਹੀਦਾ ਹੈ।