ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਰੁਲ ਰਿਹਾ ਹੈ ਝੋਨਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਅਕਤੂਬਰ
ਬਾਬੈਨ ਅਨਾਜ ਮੰਡੀ ਵਿਚ ਸਰਕਾਰੀ ਖ਼ਰੀਦ ਸੁਚਾਰੂ ਰੂਪ ਵਿੱਚ ਸ਼ੁਰੂ ਨਾ ਹੋਣ ਕਾਰਨ ਝੋਨਾ ਕਈ ਦਿਨਾਂ ਤੋਂ ਖੁੱਲ੍ਹੇ ਅਸਮਾਨ ਹੇਠ ਪਿਆ ਹੈ। ਕਿਸਾਨਾਂ ਦੀ ਝੋਨੇ ਦੀ ਖ਼ਰੀਦ ਤੇ ਮੰਡੀ ’ਚ ਚੁਕਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਮੰਡੀ ਵਿੱਚ ਝੋਨਾ ਲੈ ਕੇ ਪਹੁੰਚ ਰਹੇ ਹਨ ਪਰ ਮੰਡੀ ਵਿਚ ਥਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ। ਚੁਕਾਈ ਨਾ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।
ਬਾਬੈਨ ਮੰਡੀ ਵਿਚ ਹੁਣ ਤਕ ਇੱਕ ਲੱਖ 90 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ ਜਦਕਿ ਪਿਛਲੇ ਸਾਲ ਇਹ ਅੰਕੜਾ ਪੰਜ ਲੱਖ 95 ਹਜ਼ਾਰ 911 ਕੁਇੰਟਲ ਸੀ । ਮੰਡੀ ਵਿਚ ਝੋਨੇ ਨਾ ਵਿਕਣ ਕਰਕੇ ਜ਼ਿਆਦਾਤਰ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਹੀ ਝੋਨੇ ਨੂੰ ਰੋਕਿਆ ਹੋਇਆ ਹੈ। ਇਸ ਸਾਲ ਬਾਬੈਨ ਮੰਡੀ ਵਿਚ ਹੁਣ ਤਕ ਫੂਡ ਤੇ ਸਪਲਾਈ ਵਿਭਾਗ ਨੇ ਸਿਰਫ਼ 26 ਹਜ਼ਾਰ 400 ਕੁਇੰਟਲ, ਹੈਫੇਡ ਨੇ 27 ਹਜ਼ਾਰ 200 ਕੁਇੰਟਲ ਝੋਨੇ ਦੀ ਹੀ ਸਰਕਾਰੀ ਖ਼ਰੀਦ ਕੀਤੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਘੱਟ ਹੈ।
ਮੰਡੀ ਪ੍ਰਧਾਨ ਜਗਦੀਸ਼ ਢੀਂਗੜਾ ਨੇ ਕਿਹਾ ਕਿ ਸ਼ੈੱਲਰ ਮਾਲਕਾਂ ਵੱਲੋਂ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਵਿਚ ਝੋਨੇ ਦੇ ਢੇਰ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਇਕ ਕੁਇੰਟਲ ਝੋਨੇ ਦੇ ਬਦਲੇ 62 ਕਿਲੋ ਚੌਲ ਦੇਣ ’ਤੇ ਅੜੇ ਹੋਏ ਹਨ ਜਦਕਿ ਸਰਕਾਰ 67 ਕਿਲੋ ਚੌਲ ਲੈਣ ’ਤੇ ਅੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੈੱਲਰ ਮਾਲਕ ਪਿਛਲੇ 20 ਸਾਲਾਂ ਤੋਂ ਝੋਨੇ ਦੀ ਕੁਟਾਈ ਦਾ ਰੇਟ 10 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 100 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸ਼ੈੱਲਰ ਮਾਲਕਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ।
ਸ਼ੈੱਲਰ ਮਾਲਕਾਂ ਦੀ ਹੜਤਾਲ ਕਾਰਨ ਝੋਨੇ ਦੀ ਚੁਕਾਈ ਨਹੀਂ ਹੋਈ: ਮਾਰਕਿਟ ਕਮੇਟੀ ਸਕੱਤਰ
ਮਾਰਕਿਟ ਕਮੇਟੀ ਦੇ ਸਕੱਤਰ ਲਵ ਗੁਪਤਾ ਨੇ ਗੱਲ ਕਰਨ ’ਤੇ ਦੱਸਿਆ ਕਿ ਸ਼ੈੱਲਰ ਮਾਲਕਾਂ ਦੀ ਹੜਤਾਲ ਕਾਰਨ ਝੋਨੇ ਦੀ ਚੁਕਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਬਹੁਤ ਗੰਭੀਰ ਹੈ ਤੇ ਝੋਨੇ ਦੀ ਖ਼ਰੀਦ ਦੀ ਸਮੱਸਿਆ ਦਾ ਹੱਲ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਹਰ ਸੰਭਵ ਕਦਮ ਉਠਾਏ ਜਾ ਰਹੇ ਹਨ।