ਲਾਲੜੂ ਮੰਡੀ ’ਚ ਕੱਟ ਲਾ ਕੇ ਖਰੀਦਿਆ ਜਾ ਰਿਹੈ ਝੋਨਾ
ਸਰਬਜੀਤ ਸਿੰਘ ਭੱਟੀ
ਲਾਲੜੂ , 30 ਅਕਤੂਬਰ
ਝੋਨੇ ਦੀ ਫ਼ਸਲ ਦਾ ਸਹੀ ਮੁੱਲ ਨਾਲ ਮਿਲਣ ਅਤੇ ਖਰੀਦ ਤੇ ਲਿਫਟਿੰਗ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਲਾਲੜੂ ਦਾਣਾ ਮੰਡੀ ’ਚ ਖੱਜਲ ਖੁਆਰੀ ਹੋਣਾ ਪੈ ਰਿਹਾ ਹੈ।
ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨ ਤੇ ਸਾਬਕਾ ਸਰਪੰਚ ਦਿਲਬਾਰ ਸਿੰਘ ਚਡਿਆਲਾ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਸਥਾਨਕ ਮੰਡੀ ਵਿੱਚ ਅੰਬਾਲੇ ਤੋਂ ਆਏ ਇਕ ਆੜ੍ਹਤੀ ਤੇ ਸ਼ੈਲਰ ਮਾਲਕ ਵਲੋਂ 100 ਰੁਪਏ ਤੋਂ 300 ਰੁਪਏ ਤੱਕ ਕੱਟ ਲਾ ਕੇ ਉਨ੍ਹਾਂ ਦੀ ਝੋਨੇ ਦੀ ਫਸਲ ਖਰੀਦੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦਾ ਸ਼ਰ੍ਹੇਆਮ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉਕਤ ਆੜ੍ਹਤੀ ਨੇ ਰਾਤ ਸਮੇਂ ਇੱਕ ਕਿਸਾਨ ਦੀਆਂ ਝੋਨੇ ਦੀਆਂ 60 ਬੋਰੀਆਂ ਚੁੱਕ ਲਈਆਂ ਪਰ ਬਾਅਦ ’ਚ ਪਤਾ ਲੱਗਣ ’ਤੇ ਰੌਲਾ ਪੈ ਗਿਆ। ਉਨ੍ਹਾਂ ਕਿਹਾ ਕਿ ਅੰਬਾਲੇ ਤੋਂ ਆਏ ਆੜ੍ਹਤੀ ਵੱਲੋਂ ਕਿਸਾਨਾਂ ਨੂੰ ਨਾਲ ਬਦਸਲੂਕੀ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਬਾਰੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ।
ਕੱਟ ਲਾ ਕੇ ਫਸਲ ਨਹੀਂ ਖਰੀਦਣ ਦਿੱਤੀ ਜਾਵੇਗੀ: ਰੰਧਾਵਾ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਇਸ ਸਬੰਧੀ ਆਖਿਆ ਕਿ ਕਿਸੇ ਵੀ ਆੜ੍ਹਤੀ ਅਤੇ ਸ਼ੈਲਰ ਮਾਲਕ ਨੂੰ ਕਿਸਾਨ ਦੀ ਫਸਲ ’ਤੇ ਕੱਟ ਨਹੀਂ ਲਾਉਣ ਦਿੱਤਾ ਜਾਵੇਗਾ। ਕਿਸਾਨਾਂ ਦੀ ਫਸਲ ਮੰਡੀ ਵਿੱਚੋਂ ਚੋਰੀ ਕਰਨ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਤੇ ਧਮਕੀਆਂ ਦੇਣ ਵਾਲੇ ਅੰਬਾਲੇ ਦੇ ਆੜ੍ਹਤੀ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।