For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਈ

07:57 AM Jun 12, 2024 IST
ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਈ
ਮਾਨਸਾ ਨੇੜੇ ਇੱਕ ਖੇਤ ਵਿੱਚ ਝੋਨਾ ਲਾਉਂਦੇ ਹੋਏ ਪਰਵਾਸੀ ਮਜ਼ਦੂਰ।-ਫੋਟੋ:ਮਾਨ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 11 ਜੂਨ
ਪੰਜਾਬ ਦੇ ਛੇ ਜ਼ਿਲ੍ਹਿਆਂ ਅਤੇ ਕੌਮੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਝੋਨੇ ਦੀ ਲੁਆਈ ਅੱਜ ਸ਼ੁਰੂ ਹੋ ਗਈ ਹੈ। ਝੋਨੇ ਦੀ ਲੁਆਈ ਵਾਸਤੇ ਅੱਜ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਹੋ ਗਈ ਹੈ ਜਿਸ ਕਾਰਨ ਬਿਜਲੀ ਦੀ ਮੰਗ ਪਹਿਲੇ ਦਿਨ 13,700 ਮੈਗਾਵਾਟ ਹੋ ਗਈ ਹੈ। ਇਸੇ ਤਰ੍ਹਾਂ ਨਹਿਰੀ ਪਾਣੀ ਵੀ ਖੇਤਾਂ ਤੱਕ ਪੁੱਜਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਵਾਸਤੇ ਅੱਜ ਬਿਜਲੀ ਤੇ ਨਹਿਰੀ ਪਾਣੀ ਦੀ ਸਪਲਾਈ ਨੂੰ ਲੈ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਅਤੇ ਗਰਮੀਆਂ ਦੇ ਦਿਨਾਂ ਵਿਚ ਘਰੇਲੂ ਖਪਤਕਾਰਾਂ ਨੂੰ ਚੱਤੋ ਪਹਿਰ ਬਿਜਲੀ ਸਪਲਾਈ ਮਿਲੇਗੀ ਜਿਸ ਵਾਸਤੇ ਪਾਵਰਕੌਮ ਦੇ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਬਿਜਲੀ ਅਤੇ ਜਲ ਸਰੋਤ ਵਿਭਾਗ ਨੇ ਝੋਨੇ ਦੇ ਸੀਜ਼ਨ ਲਈ ਬਿਜਲੀ ਪਾਣੀ ਦੇ ਪ੍ਰਬੰਧਾਂ ਤੋਂ ਜਾਣੂ ਕਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਿਸਾਨਾਂ ਨੂੰ ਝੋਨੇ ਵਾਸਤੇ ਅੱਠ ਘੰਟੇ ਬਿਜਲੀ ਦੇਣ ਲਈ ਪ੍ਰਬੰਧ ਮੁਕੰਮਲ ਹਨ। ਐਤਕੀਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਮੰਗ 16000 ਮੈਗਾਵਾਟ ਰਹਿਣ ਦੀ ਸੰਭਾਵਨਾ ਹੈ ਅਤੇ ਅੱਜ ਸੀਜ਼ਨ ਦੇ ਪਹਿਲੇ ਦਿਨ ਬਿਜਲੀ ਦੀ ਮੰਗ 1200 ਮੈਗਾਵਾਟ ਵਧੀ ਹੈ। ਪਾਵਰਕੌਮ ਨੂੰ 6600 ਮੈਗਾਵਾਟ ਬਿਜਲੀ ਆਪਣੇ ਪੰਜਾਬ ਵਿਚਲੇ ਸਰੋਤਾਂ ਤੋਂ ਮਿਲ ਰਹੀ ਹੈ ਜਦੋਂਕਿ ਕੇਂਦਰੀ ਸੈਕਟਰ ਤੇ ਬੀਬੀਐਮਬੀ ਵਿਚੋਂ ਹਿੱਸੇਦਾਰੀ ਵਜੋਂ ਪੰਜ ਹਜ਼ਾਰ ਮੈਗਾਵਾਟ ਬਿਜਲੀ ਮਿਲੇਗੀ। ਪਾਵਰਕੌਮ ਨੇ 2500-3000 ਮੈਗਾਵਾਟ ਬਿਜਲੀ ਬੈਂਕਿੰਗ ਵਿਚੋਂ ਲੈਣ ਅਤੇ ਲੋੜ ਅਨੁਸਾਰ 1500-2000 ਮੈਗਾਵਾਟ ਬਿਜਲੀ ਐਕਸਚੇਂਜ ਵਿਚੋਂ ਲੈਣ ਦੇ ਪ੍ਰਬੰਧ ਕੀਤੇ ਹਨ। ਪੰਜਾਬ ਦੀਆਂ ਨਹਿਰਾਂ ਵਿਚ ਅੱਜ 24 ਹਜ਼ਾਰ ਕਿਊਸਿਕ ਪਾਣੀ ਦੇਣਾ ਸ਼ੁਰੂ ਕੀਤਾ ਗਿਆ ਹੈ। ਨਹਿਰਾਂ ਸੂਬੇ ਵਿਚ 78.89 ਲੱਖ ਏਕੜ ਖੇਤਾਂ ਨੂੰ ਪਾਣੀ ਦੇਣ ਦੇ ਸਮਰੱਥ ਹਨ ਪ੍ਰੰਤੂ ਹਕੀਕਤ ਵਿਚ 40.62 ਲੱਖ ਏਕੜ ਫ਼ਸਲ ਨੂੰ ਨਹਿਰੀ ਪਾਣੀ ਮਿਲ ਰਿਹਾ ਸੀ। ਹੁਣ ਸਰਕਾਰ ਨੇ 47.15 ਲੱਖ ਏਕੜ ਫ਼ਸਲ ਨੂੰ ਨਹਿਰੀ ਪਾਣੀ ਦੇਣ ਦਾ ਟੀਚਾ ਤੈਅ ਕੀਤਾ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1584.38 ਫੁੱਟ ਹੈ ਜੋ ਪਿਛਲੇ ਸਾਲ ਨਾਲੋਂ 15 ਫੁੱਟ ਜ਼ਿਆਦਾ ਹੈ।

Advertisement

ਮੁੱਖ ਮੰਤਰੀ ਨੇ ਕੋਲਾ ਸਟਾਕ ਬਾਰੇ ਵੇਰਵੇ ਲਏ

ਮੁੱਖ ਮੰਤਰੀ ਨੇ ਕੋਲਾ ਸਟਾਕ ਬਾਰੇ ਵੀ ਵੇਰਵੇ ਲਏ। ਇਸ ਵੇਲੇ ਲਹਿਰਾ ਥਰਮਲ ਕੋਲ 27 ਦਿਨ, ਰੋਪੜ ਕੋਲ 12 ਦਿਨ, ਗੋਇੰਦਵਾਲ ਥਰਮਲ ਕੋਲ 26 ਦਿਨ, ਰਾਜਪੁਰਾ ਥਰਮਲ ਵਿਚ 24 ਦਿਨ ਅਤੇ ਤਲਵੰਡੀ ਸਾਬੋ ਥਰਮਲ ਦੇ ਭੰਡਾਰ ਵਿਚ 4 ਦਿਨ ਦਾ ਕੋਲਾ ਪਿਆ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਖਰੀਦੇ ਗੋਇੰਦਵਾਲ ਥਰਮਲ ਪਲਾਂਟ ਦੇ ਉਤਪਾਦਨ ਬਾਰੇ ਵੀ ਚਰਚਾ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਸ਼ਿਕਾਇਤਾਂ ਦਾ ਫ਼ੌਰੀ ਨਿਪਟਾਰਾ ਕਰਨ ਲਈ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Advertisement
Author Image

joginder kumar

View all posts

Advertisement
Advertisement
×