ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਮਾਲਵਾ ਖੇਤਰ ਦੇ ਛੇ ਜ਼ਿਲ੍ਹਿਆਂ ਵਿੱਚ ਅੱਜ 11 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਗਈ। ਝੋਨੇ ਦੀ ਲੁੁਆਈ ਨੂੰ ਲੈ ਕੇ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਗਈ, ਜਿਸ ਲਾਹਾ ਲੈਂਦਿਆਂ ਕਿਸਾਨਾਂ ਨੇ ਝੋਨੇ ਦੀ ਲੁਆਈ ਦਾ ਕੰਮ ਵਿੱਢ ਦਿੱਤਾ ਹੈ। ਉਂਜ ਝੋਨਾ ਲਾਉਣ ਲਈ ਅਜੇ ਤੱਕ ਇਸ ਖੇਤਰ ਵਿਚ ਪਰਵਾਸੀ ਮਜ਼ਦੂਰ ਘੱਟ ਗਿਣਤੀ ਵਿਚ ਪਹੁੰਚ ਰਹੇ ਹਨ ਅਤੇ ਜਿਹੜੇ ਮਜ਼ਦੂਰ ਆ ਰਹੇ ਹਨ, ਉਨ੍ਹਾਂ ਨੇ ਕਿਸਾਨਾਂ ਦੀਆਂ ਮੋਟਰਾਂ ਉਤੇ ਆਪਣਾ ਪੱਕਾ ਰੈਣ-ਵਸੇਰਾ ਬਣਾ ਲਿਆ ਹੈ।
ਅਗਲੇ ਦਿਨਾਂ ਵਿੱਚ ਹੋਰ ਮਜ਼ਦੂਰਾਂ ਦੇ ਆਉਣ ਸਬੰਧੀ ਕਿਸਾਨਾਂ ਵੱਲੋਂ ਫੋਨ ਕੀਤਾ ਹੋਇਆ ਹੈ। ਝੋਨਾ ਲਾਉਣ ਲਈ ਮਜ਼ਦੂਰਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਤੀਬਾੜੀ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ, ਜੋ ਮਸ਼ੀਨਾਂ ਮਾਲਵਾ ਖੇਤਰ ਵਿਚ ਕਿਸਾਨਾਂ ਲਈ ਲਿਆਂਦੀਆਂ ਸਨ, ਉਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਨਾ ਆਉਣ ਕਾਰਨ ਹੀ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਝੋਨਾ ਲਗਵਾਉਣ ਲਈ ਮਜਬੂਰ ਹਨ। ਮਾਲਵਾ ਪੱਟੀ ਵਿੱਚ ਪੇਂਡੂ ਮਜ਼ਦੂਰ ਵੀ ਸੀਜ਼ਨ ਦੌਰਾਨ ਝੋਨਾ ਲਾਉਂਦੇ ਹਨ, ਪਰ ਇਨ੍ਹਾਂ ਮਜ਼ਦੂਰਾਂ ਦੀ ਝੋਨਾ ਲਾਉਣ ਦੀ ਰਫ਼ਤਾਰ ਅਤੇ ਝੋਨੇ ਦੀ ਲੁੁਆਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੀ ਜਿਸ ਕਰਕੇ ਕਿਸਾਨ ਪ੍ਰਵਾਸੀ ਮਜ਼ਦੂਰਾਂ ਕੋਲੋਂ ਝੋਨਾ ਲਗਵਾ ਕੇ ਖੁਸ਼ ਹਨ।
ਸਿੱਧੀ ਬਿਜਾਈ ਲਈ ਪ੍ਰਤੀ ਏਕੜ 1500 ਰੁਪਏ ਦੇਵੇਗੀ ਸਰਕਾਰ
ਮੋਗਾ (ਮਹਿੰਦਰ ਸਿੰਘ ਰੱਤੀਆਂ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਾਉਣੀ ਸੀਜ਼ਨ 2024-25 ਦੌਰਾਨ ਝੋਨੇ ਦੀ ਸਿੱਧੀ ਬਿਜਾਈ (ਡੀਐੱਸਆਰ) ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਪਾਣੀ ਨੂੰ ਬਚਾਇਆ ਜਾ ਸਕੇਗਾ ਤੇ ਭਵਿੱਖ ਵਿੱਚ ਕਣਕ ਦੀ ਪੈਦਾਵਾਰ ਨੂੰ ਲਾਭ ਮਿਲੇਗਾ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਵਿਭਾਗ ਦੇ ਪੋਰਟਲ ’ਤੇ ਝੋਨੇ ਦੀ ਸਿੱਧੀ ਬਿਜਾਈ (ਡੀਐੱਸਆਰ) ਬਾਰੇ ਵਿਸਥਾਰ ਸਾਹਿਤ ਵੇਰਵੇ ਆਧਾਰ ਨੰਬਰ, ਬੈਂਕ ਖਾਤਾ, ਜ਼ਮੀਨ ਹੇਠਲਾ ਰਕਬਾ, ਤਹਿਸੀਲ ਤੇ ਜ਼ਿਲ੍ਹਾ ਆਦਿ ਭਰਨਗੇ। ਇਸ ਮਹੀਨੇ ਦੀ 30 ਜੂਨ ਤੱਕ ਐਡਿਟ/ਤਬਦੀਲੀ ਕੀਤੀ ਜਾ ਸਕੇਗੀ ਅਤੇ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 30 ਜੂਨ ਤੋਂ 15 ਜੁਲਾਈ ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਦੇ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੀਧਰਤੀ ਹੇਠਲੇ ਅਨਮੋਲ ਕੁਦਰ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਜਿਸ ਤੇਜੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ। ਜੇਕਰ ਇਸ ਨੂੰ ਰੋਕਣ ਲਈ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਖੇਤੀ ਵਿਗਿਆਨੀ ਡਾ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਵਿਧੀ ਨਾਲ ਪਾਣੀ ਨੂੰ ਬਚਾਇਆ ਜਾ ਸਕੇਗਾ ਤੇ ਭਵਿੱਖ ਵਿੱਚ ਕਣਕ ਦੀ ਪੈਦਾਵਾਰ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡ ਧੱਲੇਕਾ ਦੇ ਕਿਸਾਨ ਹਰਨੇਕ ਸਿੰਘ, ਪਿੰਡ ਚੜਿੱਕ ਦੇ ਕਿਸਾਨ ਸੁਖਦੀਪ ਸਿੰਘਤੇ ਪਿੰਡ ਬਘੇਲੇ ਵਾਲਾ ਦੇ ਕਿਸਾਨ ਤਰਸੇਮ ਸਿੰਘ ਨੇ 45 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਿਸੇਰਾ ਬਣੇ ਹਨ।