ਝੋਨੇ ਦੀ ਲੁਆਈ: ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਪ੍ਰਬੰਧ ਮੁਕੰਮਲ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਪਿੰਡ ਬਣਾਂਵਾਲਾ ਵਿਚ ਲੱਗੇ ਉਤਰੀ ਭਾਰਤ ਦੇ ਨਿੱਜੀ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਪਲਾਂਟ (ਟੀਐਸਪੀਐਲ) ਵੱਲੋਂ ਗਰਮੀ ਦੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਮਾਲਵਾ ਖੇਤਰ ਦੇ ਮਾਨਸਾ ਸਮੇਤ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ ਵਿੱਚ 11 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਜਿਸ ਲਈ ਪੰਜਾਬ ਰਾਜ ਪਾਵਰਕੌਮ ਦੇ ਆਦੇਸ਼ਾਂ ’ਤੇ ਬਣਾਂਵਾਲਾ ਤਾਪਘਰ ਨੇ ਵੱਧ ਬਿਜਲੀ ਪੈਦਾ ਕਰਨ ਲਈ ਮੁੱਢਲੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਹ ਤਾਪਘਰ 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਵੱਲੋਂ ਅੱਜ 1826 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ 1980 ਮੈਗਾਵਾਟ ਵਾਲੇ ਇਸ ਤਾਪਘਰ ਵੱਲੋਂ ਇਸ ਵੇਲੇ ਲਗਭਗ 1826 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਦੇ ਯੂਨਿਟ ਨੰਬਰ 1 ਵੱਲੋਂ 608 ਮੈਗਾਵਾਟ, ਯੂਨਿਟ ਨੰਬਰ 2 ਵੱਲੋਂ 604 ਮੈਗਾਵਾਟ ਅਤੇ ਯੂਨਿਟ ਨੰਬਰ 3 ਵੱਲੋਂ 614 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਹੀ ਹੈ। ਟੀਐਸਪੀਅਲ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਪਲਾਂਟ ਦੇ ਤਿੰਨੇ ਯੂਨਿਟ ਬੜੀ ਵਧੀਆ ਪੁਜੀਸ਼ਨ ਵਿਚ ਕੰਮ ਕਰ ਰਹੇ ਹਨ ਅਤੇ ਕੋਇਲੇ ਦੀ ਘਾਟ ਸਮੇਤ ਕਈ ਹੋਰ ਤਕਲੀਫਾਂ ਨਾਲ ਜੂਝਣ ਦੇ ਬਾਵਜੂਦ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਵਿਆਪਕ ਬਿਜਲੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਕੋਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਮੱਸਿਆ ਨਾਲ ਨਜਿੱਠਣ ਲਈ ਇਸ ਵੇਲੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਇਕਦਮ ਖੜ੍ਹਾ ਹੋਣ ਨਾਲ ਅਕਸਰ ਲੋਕਾਂ ਨੂੰ ਤਕਲੀਫ਼ ਤਾਂ ਹੁੰਦੀ ਹੈ ਪਰ ਪਾਵਰਕੌਮ ਕੋਲ ਅਜਿਹੀਆਂ ਤਕਲੀਫਾਂ ਦਾ ਬਦਲਵਾਂ ਬੰਦੋਬਸ਼ਤ ਹੈ।ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਲੋਂ ਵਪਾਰਕ, ਖੇਤੀਬਾੜੀ, ਘਰੇਲੂ ਅਤੇ ਹੋਰਨਾਂ ਖੇਤਰਾਂ ਲਈ ਲੋੜੀਂਦੀ ਬਿਜਲੀ ਲਈ ਪਹਿਲਾਂ ਹੀ ਵਿਆਪਕ ਬੰਦੋਬਸਤ ਕਰ ਲਏ ਗਏ ਹਨ, ਜਿਸ ਕਰਕੇ ਝੋਨੇ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।